ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਿਧਾਨ ਸਭਾ ਆਉਣ ਦਾ ਦਿੱਤਾ ਸੱਦਾ
ਕੋਟਕਪੂਰਾ, 5 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਦੋ ਪਿੰਡਾਂ ਰੱਤੀਰੋੜੀ-ਡੱਗੋਰੋਮਾਣਾ ਦੇ ਸਾਂਝੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਛੁੱਟੀ ਮੌਕੇ ਘਰ ਜਾ ਰਹੇ ਵਿਦਿਆਰਥੀ-ਵਿਦਿਆਰਥਣਾ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਕਾਫਲਾ ਰੁਕਿਆ ਅਤੇ ਸਪੀਕਰ ਸੰਧਵਾਂ ਨੇ ਬੱਚਿਆਂ ਨਾਲ ਪੜਾਈ ਸਬੰਧੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਉਹਨਾ ਬੱਚਿਆਂ ਨੂੰ ਪਹਿਲਾਂ ਸਕੂਲ ਦੇ ਅਧਿਆਪਕਾਂ ਦੀ ਕਾਰਗੁਜਾਰੀ ਅਤੇ ਵਾਤਾਵਰਣ ਬਾਰੇ ਪੁੱਛਿਆ ਤੇ ਫਿਰ ਸਵਾਲ ਕੀਤਾ ਕਿ ਤੁਹਾਡੇ ਵਿੱਚੋਂ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਿਹੜੇ ਕਿਹੜੇ ਵਿਦਿਆਰਥੀ-ਵਿਦਿਆਰਥਣਾ ਕਰਦੇ ਹਨ? ਬੱਚੇ ਇਸ ਗੱਲੋਂ ਹੈਰਾਨ ਸਨ ਕਿ ਇਸ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੀਆਂ ਬਣੀਆਂ ਸਰਕਾਰਾਂ ਮੌਕੇ ਮਾਮੂਲੀ ਵਿਧਾਇਕ ਜਾਂ ਹਲਕਾ ਇੰਚਾਰਜ ਵੀ ਕਦੀ ਇਸ ਤਰਾਂ ਰੁਕ ਕੇ ਬੱਚਿਆਂ ਨਾਲ ਗੱਲਬਾਤ ਨਹੀਂ ਸੀ ਕਰਦਾ ਪਰ ਐਨੀ ਉੱਚੀ ਵਿਧਾਨ ਸਭਾ ਦੇ ਸਪੀਕਰ ਵਾਲੀ ਪਦਵੀ ’ਤੇ ਬਿਰਾਜਮਾਨ ਹੋਣ ਦੇ ਬਾਵਜੂਦ ਵੀ ਸਪੀਕਰ ਸੰਧਵਾਂ ਨੇ ਖੁਦ ਗੱਡੀ ਵਿੱਚੋਂ ਉੱਤਰ ਕੇ ਉਹਨਾਂ ਨਾਲ ਗੱਲਬਾਤ ਕਰਨ ਉਪਰੰਤ ਵਿਧਾਨ ਸਭਾ ਵਿਖੇ ਚੰਡੀਗੜ ਆਉਣ ਦਾ ਸੱਦਾ ਦਿੱਤਾ। ਖੁਸ਼ੀ ਵਿੱਚ ਖੀਵੇ ਹੋਏ ਬੱਚਿਆਂ ਨੇ ਇੱਛਾ ਜਾਹਰ ਕੀਤੀ ਕਿ ਉਹ ਵਿਧਾਨ ਸਭਾ ਤਾਂ ਦੇਖਣੀ ਚਾਹੁੰਦੇ ਹਨ ਪਰ ਇਸ ਬਾਰੇ ਉਹ ਕਿਸ ਨਾਲ ਗੱਲ ਕਰਨ? ਸਪੀਕਰ ਸੰਧਵਾਂ ਨੇ ਆਖਿਆ ਕਿ ਉਹ ਇਸ ਸਬੰਧੀ ਆਪਣੇ ਸਕੂਲ ਦੇ ਪਿ੍ਰੰਸੀਪਲ ਨਾਲ ਗੱਲ ਕਰ ਸਕਦੇ ਹਨ। ਸਪੀਕਰ ਸੰਧਵਾਂ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਜੇਕਰ ਵਿਦਿਆਰਥੀ-ਵਿਦਿਆਰਥਣਾ ਮਾੜੀ ਸੁਸਾਇਟੀ ਅਤੇ ਨਸ਼ਿਆਂ ਦੀ ਕਰੋਪੀ ਤੋਂ ਬਚੇ ਰਹੇ ਤਾਂ ਉਹ ਇਕ ਦਿਨ ਵੱਡੇ ਅਫਸਰ ਬਣ ਕੇ ਆਪਣੇ ਮਾਪਿਆਂ ਅਤੇ ਨਗਰ ਦਾ ਨਾਮ ਬਹੁਤ ਚਮਕਾਉਣਗੇ। ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ਵਿੱਚ ਲਾਮਿਸਾਲ ਸੁਧਾਰ ਕਰਕੇ ਪੰਜਾਬ ਭਰ ਦੇ ਹਰ ਵਰਗ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਮੁਫਤ ਅਤੇ ਵਧੀਆ ਮੁਹੱਈਆ ਕਰਵਾਉਣ ਦੇ ਬਕਾਇਦਾ ਪ੍ਰਬੰਧ ਕੀਤੇ ਜਾ ਰਹੇ ਹਨ। ਬੱਚਿਆਂ ਨੇ ਸਪੀਕਰ ਸੰਧਵਾਂ ਨਾਲ ਵਿਧਾਨ ਸਭਾ ਵਿੱਚ ਇਕ ਯਾਦਗਾਰੀ ਤਸਵੀਰ ਖਿਚਵਾਉਣ ਦੀ ਇੱਛਾ ਜਾਹਰ ਕੀਤੀ, ਜੋ ਸਪੀਕਰ ਸੰਧਵਾਂ ਨੇ ਪ੍ਰਵਾਨ ਕਰਦਿਆਂ ਆਪਣੇ ਅਧਿਆਪਕਾਂ ਸਮੇਤ ਵਿਧਾਨ ਸਭਾ ਵਿੱਚ ਆਉਣ ਦਾ ਸੱਦਾ ਦੇ ਦਿੱਤਾ।।
Leave a Comment
Your email address will not be published. Required fields are marked with *