ਅਗਾਊਂ ਤਿਆਰੀਆਂ ਸਬੰਧੀ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਤੇ ਅਧਿਕਾਰੀਆਂ ਨਾਲ ਕੀਤੀ ਬੈਠਕ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਇਹ 17ਵਾਂ ਵਿਰਾਸਤੀ ਮੇਲਾ
ਬਠਿੰਡਾ, 16 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਥੇ ਸਥਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 17ਵਾਂ ਵਿਰਾਸਤੀ ਮੇਲਾ 9, 10 ਅਤੇ 11 ਫਰਵਰੀ 2024 ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਅਹੁੱਦੇਦਾਰਾਂ ਅਤੇ ਅਧਿਆਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਮੇਲਾ ਪ੍ਰਬੰਧਕਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਇਹ ਵਿਰਾਸਤੀ ਮੇਲਾ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਅਤੇ ਪੁਰਾਣੀ ਵਿਰਾਸਤ ਸਬੰਧੀ ਜਾਣਕਾਰੀ ਦੇਣ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਇਸ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਵਿਰਾਸਤੀ ਪਿੰਡ ਜੈਪਾਲਗੜ੍ਹ ਦੀ ਸਾਫ਼-ਸਫ਼ਾਈ, ਡਾਕਟਰੀ ਟੀਮਾਂ, ਪੀਣ ਵਾਲੇ ਪਾਣੀ, ਬੈਰੀਕੇਟਿੰਗ, ਨਿਰਵਿਘਨ ਬਿਜਲੀ ਸਪਲਾਈ ਤੋਂ ਇਲਾਵਾ ਟ੍ਰੈਫ਼ਿਕ ਸਬੰਧੀ ਸੁਚੱਜੇ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਅਗਾਊਂ ਲੋੜੀਂਦੇ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਵਿਰਾਸਤੀ ਮੇਲੇ ਦੌਰਾਨ ਮਾਂ ਬੋਲੀ ਨੂੰ ਸਮਰਪਿਤ ਪਹੁੰਚੀਆਂ ਸਖਸ਼ੀਅਤਾਂ ਨੂੰ ਸਨਮਾਨ ਕਰਨ ਹਿੱਤ ਭੇਂਟ ਕੀਤੀ ਜਾਣ ਵਾਲੀ ਲੋਈ ਦਾ ਡਿਜਾਇਨ ਵੀ ਜਾਰੀ ਕੀਤਾ ਗਿਆ।
ਇਸ ਦੌਰਾਨ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ਦੀ ਸ਼ੁਰੂਆਤ 9 ਫਰਵਰੀ ਨੂੰ ਸਵੇਰੇ ਗੁਰੂਦੁਆਰਾ ਹਾਜੀ ਰਤਨ ਵਿਖੇ ਅਰਦਾਸ ਕਰਵਾਉਣ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਵੇਗੀ। ਇਸ ਮੌਕੇ ਇੱਥੋ ਹੀ ਵਿਰਾਸਤੀ ਜਲੂਸ ਕੱਢਿਆ ਜਾਵੇਗਾ ਜਿਸ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆ। ਇਹ ਵਿਰਾਸਤੀ ਜਲੂਸ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚੇਗਾ। ਇਸ ਉਪਰੰਤ ਇੱਥੇ ਵਿਰਾਸਤੀ ਮੇਲਾ ਸ਼ੁਰੂ ਹੋਵੇਗਾ ਜੋ ਲਗਾਤਾਰ 11 ਫ਼ਰਵਰੀ ਤੱਕ ਚੱਲੇਗਾ। ਇਸ ਵਿਰਾਸਤੀ ਮੇਲੇ ਦੌਰਾਨ ਵੱਖ-ਵੱਖ ਰਾਜਾਂ ਨਾਲ ਸਬੰਧਤ ਸੱਭਿਆਚਾਰਕ ਵੰਨਗੀਆਂ, ਨਾਟਕਾਂ ਤੋਂ ਇਲਾਵਾ ਪ੍ਰਸਿੱਧ ਗਾਇਕਾਂ ਵਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਪੰਕਜ ਤੋਂ ਇਲਾਵਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵਲੋਂ ਸ਼੍ਰੀ ਇੰਦਰਜੀਤ ਸਿੰਘ, ਸ੍ਰੀ ਚਮਕੌਰ ਮਾਨ, ਸ਼੍ਰੀ ਗੁਰਅਵਤਾਰ ਸਿੰਘ ਗੋਗੀ, ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਸ਼੍ਰੀ ਗੁਰਮੀਤ ਸਿੰਘ ਸਿੱਧੂ ਆਦਿ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Leave a Comment
Your email address will not be published. Required fields are marked with *