ਚਾਟੀਆਂ ਦੀ ਲੱਸੀ ਗੁੰਮੀ, ਦੁੱਧ ਵਾਲੇ ਛੰਨੇ ਭੁੱਲੇ ।
ਸ਼ਗਨਾਂ ਦੇ ਗੀਤ ਮੁੱਕੇ, ਚਾਵਾਂ ਵਾਲੇ ਚਾਅ ਡੁੱਲੇ।
ਬਲਦਾਂ ਦੇ ਟੱਲ ਗਏ, ਖੇਤਾਂ ਵਿੱਚੋ ਹਲ ਗਏ।
ਦੁੱਧ ਚ ਮਧਾਣੀ ਹੈ ਨਈਂ, ਹੁਸਨ ਜਵਾਨੀ ਹੈ ਨਈਂ,
ਜੋਗੀਆ ਦੇ ਕਾਸੇ ਗੁੰਮ, ਘਰਾਂ ‘ਚ ਝਲਾਨੀ ਹੈ ਨਈਂ।
ਕੱਦ-ਕਾਠ ਗੁਆਚ ਗਏ, ਪਹਿਲਾਂ ਵਾਲੇ ਸਾਜ਼ ਗਏ।
ਭੁੱਲ ਗਈਆਂ ਸਿੱਠਣੀਆਂ, ਘੋੜੀਆਂ ਸੁਹਾਗ ਹੈ ਨਈਂ ।
ਗੁੱਤ ਤੇ ਪਰਾਂਦੇ ਛੱਡੋ, ਜੂੜੇ ਗਏ ਵਾਲ ਖੁੱਲੇ ।
ਰੂਪ ਤੇ ਨਿਖਾਰ ਹੈ ਨਈਂ, ਹਾਰ ਤੇ ਸਿੰਗਾਰ ਹੈ ਨਈਂ।
ਗਭਰੂ ਸਿਰ ਪੱਗ ਹੈ ਨਈਂ, ਸ਼ੁਕੀਨਣਾਂ ਨੂੰ ਮੱਤ ਹੈ ਨਈਂ ।
ਭੋਲਾਪਨ ਬੱਚਿਆਂ ਦਾ ਖੋਰੇ, ਕਿੱਥੇ ਗੁੰਮ ਹੋਇਆ,
ਰਛਕੋ-ਗਰੂਰ ਹੈ ਨਈਂ, ਲੱਜ ਵਾਲੀ ਅੱਖ ਹੈ ਨਈਂ ।
ਨਾਨਕਾ ਤੇ ਦਾਦਕਾ ਨੀ, ਮਰਗਾਂ ਤੇ ਕੱਠ ਹੈ ਨਈਂ ।
ਜਾਗੋ ਵਾਲੇ ਮੇਲ ਗੁੰਮੇ, ਵਿਆਹਾਂ ਵਿਚ ਸੱਕ ਹੈ ਨਈ ।
ਵਸ ਗਈ ਜਵਾਨੀ ਅੱਧੀ, ਧੁਰ ਪਰਦੇਸੀ ਹੋ ਕੇ,
ਮੁਲਕ ਬੇਗਾਨੇ ਰੁਲਣ, ਦੇਸੋਂ ਕਦੇਸੀ ਹੋ ਕੇ ।
ਕੌਲ ਤੇ ਕਰਾਰ ਭੁੱਲੇ, ਵਤਨਾਂ ਦੇ ਪਿਆਰ ਭੁੱਲੇ।
ਹਮਜਾਏ ਹਮਸਾਏ ਭੁੱਲੇ, ਮਾਪੇ ਵੀ ਵਿਸਾਰ ਭੁੱਲੇ।
ਰੋਕ ਲਉ ਪੰਜਾਬੀਓ, ਪੰਜਾਬ ਦੀ ਜਵਾਨੀ ਨੂੰ।
ਪੀੜ੍ਹੀਆਂ ਦੇ ਵਿਰਸੇ ਤੇ ਸਦਾਚਾਰ ਦੀ ਨਿਸ਼ਾਨੀ ਨੂੰ,
ਗੁਰੂਆਂ ਤੇ ਪੀਰਾਂ ਦੀ, ਸ਼ਹਾਦਤ ਲਾਸਾਨੀ ਨੂੰ ।
ਦਾਗ ਨਾ ਲੱਗੇ ਇਹਦੀ, ਢੌਰ ਮਸਤਾਨੀ ਨੂੰ ।
ਸੋਨੇ ਦੀ ਚਿੜੀ ਪੰਜਾਬ, ਫੁੱਲਾਂ ਵਿੱਚੋਂ ਫੁਲ ਗੁਲਾਬ।
ਮਹਿਕਾਂ ਦਾ ਵਣਜਾਰਾ, ਮਰਦਾਨੇ ਦੀ ਰਬਾਬ।
ਨੂਰਾਂ ਦਾ ਇਹ ਨੂਰ, ਸ਼ਾਲਾ ਚੰਨ ਮਸ਼ਕੂਰ,
ਸ਼ਾਨਾਮੱਤਾ ਮਹਿਤਾਬ, ਮਾਣਮੱਤਾ ਪੰਜ-ਆਬ।
ਦੁਨੀਆਂ ਦੇ ਕਿਸੇ ਕੋਨੇ ਢੂਕੋ ਵਸੋ ਪੰਜਾਬੀਓ।
ਪੰਜਾਬ ਤੇ ਪੰਜਾਬੀਅਤ ਸੀਨੇ ਲਾਕੇ ਰੱਖੋ ਪੰਜਾਬੀਓ।

ਹਰਪ੍ਰੀਤ ਨਕੋਦਰ ਜਮਾਲਪੁਰ ਲੁਧਿਆਣਾ।