ਸਿਹਤਮੰਦ ਰਾਸ਼ਟਰ ਲਈ ਜਲਗਾਹਾਂ ਦੀ ਸੁਰੱਖਿਆ ਅਤੇ ਗੁਣਵੱਤਾ ਬਰਕਰਾਰ ਰੱਖਣਾ ਜ਼ਰੂਰੀ।ਸਮੁੱਚੇ ਵਿਸ਼ਵ ਵਿਚ ਹਰ ਸਾਲ 2 ਫਰਵਰੀ ਦਾ ਦਿਨ ‘ਵਿਸ਼ਵ ਜਲਗਾਹ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਲਗਾਹਾਂ ਦਾ ਵਾਤਾਵਰਣ ਵਿਚ ਖਾਸ ਮਹੱਤਵ ਹੈ। ਜੀਵ-ਜੰਤੂਆਂ, ਪੌਦਿਆਂ ਦੇ ਵਧਣ-ਫੁੱਲਣ ਲਈ ਜਲਗਾਹਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਆਧੁਨਿਕ ਕਾਲ ਵਿੱਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ। ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ। ਇਸ ਦਾ ਉਦੇਸ਼ ਵਿਸ਼ਵ ਵਿੱਚ ਜਲਗਾਹਾਂ ਨੂੰ ਬਚਾਉਣਾ ਸੀ। ਤਦ ਤੋਂ ਹੀ ਹਰ ਸਾਲ 2 ਫਰਵਰੀ ਨੂੰ ਅੰਤਰਰਾਸ਼ਟਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ। 2 ਫਰਵਰੀ, 1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਇਕ ਕਨਵੈਨਸ਼ਨ ਹੋਈ, ਜਿਸ ਨੂੰ ‘ਰਾਮਸਰ ਕਨਵੈਨਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਜਲਗਾਹਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਤੇ ਸਾਰੇ ਦੇਸ਼ਾਂ ਵਿਚ ਮਹੱਤਵਪੂਰਨ ਜਲਗਾਹਾਂ ਦੀ ਪਛਾਣ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਜਲੀ ਜੀਵਾਂ, ਪੌਦਿਆਂ, ਪੰਛੀਆਂ ਦੇ ਇਸ ਰਹਿਣ ਬਸੇਰੇ ਨੂੰ ਬਚਾਇਆ ਜਾ ਸਕੇ।
ਰਾਮਸਰ ਇਰਾਨ ਦਾ ਇਕ ਸ਼ਹਿਰ ਹੈ, ਜਿੱਥੇ 2 ਫਰਵਰੀ, 1971 ਨੂੰ ਜਲਗਾਹਾਂ ਤੇ ਜਲੀ ਪੰਛੀਆਂ ਦੇ ਬਚਾਅ ਤੇ ਪਛਾਣ ਲਈ ਇਕ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ ’ਚ ਜਲਗਾਹਾਂ ਦੇ ਪਸਾਰ ਤੇ ਮਹੱਤਵ ਬਾਰੇ ਕੌਮਾਂਤਰੀ ਪੱਧਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਭਾ ਨੇ ਕੌਮਾਂਤਰੀ ਪੱਧਰ ’ਤੇ ਜਲਗਾਹਾਂ ਨੂੰ ਮਾਨਤਾ ਦੇਣ ਲਈ ਕੁਝ ਮਾਪ ਦੰਡ ਨਿਰਧਾਰਿਤ ਕੀਤੇ। ਜਿਨ੍ਹਾਂ ਵਿੱਚੋਂ ਜੇਕਰ ਕੋਈ ਵੀ ਜਲਗਾਹ ਕਿਸੇ ਇਕ ਮਾਪ ਦੰਡ ’ਤੇ ਵੀ ਪੂਰੀ ਉੱਤਰਦੀ ਹੈ ਤਾਂ ਉਸ ਨੂੰ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਜਾਂਦਾ ਹੈ।
ਆਉ ਜਾਣੀਏ ਜਲਗਾਹ ਕੀ ਹੈ?
ਜਲਗਾਹ ਉਹ ਸਥਾਨ ਹੁੰਦਾ ਹੈ ਜਿੱਥੇ ਮਿੱਟੀ ਦਲਦਲੀ ਹੋਵੇ, ਭੂਮੀ ਉੱਪਰ ਸਦਾ ਪਾਣੀ ਖੜ੍ਹਾ ਰਹੇ, ਭਾਵੇਂ ਕੁਦਰਤੀ ਰੂਪ ਵਿਚ ਹੋਵੇ ਜਾਂ ਵਗਦੇ ਪਾਣੀ ਨੂੰ ਸਥਾਈ ਜਾਂ ਅਸਥਾਈ ਰੂਪ ਵਿਚ ਬੰਨ ਬਣਾ ਕੇ ਰੋਕਿਆ ਗਿਆ ਹੋਵੇ। ਜਲਗਾਹ ਵਾਲਾ ਸਥਾਨ ਹਮੇਸ਼ਾ ਪਾਣੀ ਨਾਲ ਤਰ ਰਹਿੰਦਾ ਹੈ। ਜਲਗਾਹਾਂ ਵਿਚ ਜਲ ਦੀ ਮਾਤਰਾ ਵਧਦੀ ਘਟਦੀ ਰਹਿੰਦੀ ਹੈ। ਜਲਗਾਹਾਂ ਪੰਛੀਆਂ ਤੇ ਜੀਵਾਂ ਆਦਿ ਦਾ ਰਹਿਣ ਬਸੇਰਾ ਤਾਂ ਹਨ ਹੀ ਨਾਲ਼ ਹੀ ਇਨ੍ਹਾਂ ਦਾ ਮਨੁੱਖੀ ਜ਼ਿੰਦਗੀ ਵਿਚ ਵੀ ਬਹੁਤ ਵੱਡਾ ਯੋਗਦਾਨ ਹੈ। ਜਲਗਾਹਾਂ ਜੈਵ ਵਿਭਿੰਨਤਾ ਪੱਖੋਂ ਬਹੁਤ ਅਮੀਰ ਸਥਾਨ ਹਨ। ਕਈ ਪ੍ਰਕਾਰ ਦੀਆਂ ਬਹੁਤ ਹੀ ਉਪਯੋਗੀ ਜੜ੍ਹੀ ਬੂਟੀਆਂ ਜਲਗਾਹਾਂ ਦੇ ਨੇੜੇ-ਤੇੜੇ ਪਾਈਆਂ ਜਾਂਦੀਆਂ ਹਨ।
ਜਲਗਾਹਾਂ ਤੇ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾਂ ਤੋਂ ਪਰਵਾਸ ਕਰ ਕੇ ਹਰ ਸਾਲ ਬਹੁਤ ਵੱਡੀ ਗਿਣਤੀ ’ਚ ਆਉਂਦੇ ਹਨ। ਜਲਗਾਹਾਂ ਬਹੁਤ ਸਾਰੇ ਪੌਦਿਆਂ, ਪੰਛੀਆਂ, ਕੀਟਾਂ, ਮੱਛੀਆਂ, ਥਣਧਾਰੀ ਜੀਵਾਂ ਆਦਿ ਨੂੰ ਰਹਿਣ ਬਸੇਰਾ ਪ੍ਰਦਾਨ ਕਰਦੀਆਂ ਹਨ।
ਜਲਗਾਹਾਂ ਵਿਚ ਬਹੁਤ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਕਈ ਤਰ੍ਹਾਂ ਦੀਆਂ ਦੁਰਲੱਭ ਜੜੀਆਂ-ਬੂਟੀਆਂ ਤੇ ਜੀਵ ਸਿਰਫ਼ ਜਲਗਾਹਾਂ ਦੇ ਈਕੋਸਿਸਟਮ ਵਿਚ ਹੀ ਮਿਲਦੇ ਹਨ।
ਜੁਲਾਈ 2023 ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿੱਚ ਕੁੱਲ 75 ਜਲਗਾਹਾਂ ਹਨ ਜਿਨ੍ਹਾਂ ਨੂੰ ਰਾਮਸਰ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ।ਜਿਸ ਵਿੱਚ ਸਭ ਤੋਂ ਵੱਧ 14 ਜਲਗਾਹਾਂ ਤਮਿਲਨਾਡੂ ਰਾਜ ਵਿੱਚ ਹਨ।
ਪੰਜਾਬ ਦੇ ਕੁੱਲ ਰਕਬੇ ਦਾ 1 ਫ਼ੀਸਦੀ ਖੇਤਰ ਵਿੱਚ ਜਲਗਾਹਾਂ ਅਧੀਨ ਹੈ।ਪੰਜਾਬ ਵਿੱਚ 22,476 ਹੈਕਟੇਅਰ ਖੇਤਰਫਲ ਜਲਗਾਹਾਂ ਅਧੀਨ ਆਉਂਦਾ ਹੈ। ਪੰਜਾਬ ਵਿੱਚ ਵਿਆਪਕ ਜਲਗਾਹਾਂ ਚੋਂ ਛੇ ਇਸ ਹੱਦ ਤੱਕ ਉੱਘੀਆਂ ਹਨ ਕਿ ਇਹ ਰਾਮਸਰ ਸੂਚੀ ‘ਚ ਸ਼ਾਮਿਲ ਕਰ ਲਈਆਂ ਗਈਆਂ ਹਨ।ਪੰਜਾਬ ਵਿੱਚ ਅੰਤਰਰਾਸ਼ਟਰੀ ਮਹੱਤਵ ਦੀਆਂ ਹਰੀਕੇ, ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਕੇਸ਼ੋਪੁਰ-ਮਿਆਣੀ ਜਲਗਾਹ, ਬਿਆਸ ਕੰਜਰਵੇਸ਼ਨ ਰਿਜ਼ਰਵ ਜਲਗਾਹ, ਨੰਗਲ ਜਲਗਾਹ ਹਨ। ਇਸ ਤੋਂ ਇਲਾਵਾ ਹੋਰ ਜਲਗਾਹ ਵਿੱਚ ਕਾਹਨੂਵਾਨ ਛੰਭ, ਜਸਤਰਵਾਲ ਝੀਲ, ਮੰਡ ਬਰਥਲਾ ਅਤੇ ਢੋਲਬਾਹਾ ਰਿਜ਼ਰਵੀਅਰ ਹਨ ਜੋ ਕਿ ਸਥਾਨਕ ਪੱਧਰ ਦੀਆਂ ਜਲਗਾਹ ਹਨ ਜੋ ਕਿ ਜੈਵ ਵਿਭਿੰਨਤਾ ਦਾ ਭੰਡਾਰ ਹਨ ਅਤੇ ਇਨ੍ਹਾਂ ਥਾਵਾਂ ‘ਤੇ ਬਣੀਆਂ ਕੁਦਰਤੀ ਜਲਗਾਹਾਂ ਕਾਰਨ ਹੈੱਡਡਿਗਿਜ਼, ਰੈਡ ਕ੍ਰੈਸਟਿਡ ਪੋਚਹਾਰਡ, ਕ੍ਰਟਸ, ਗੇਡਵਾਲ, ਕਾਮਨ ਪੋਚਹਾਰਡ, ਨਾਰਦਰਨ ਸਿਵਲੇਰ ਤੋਂ ਲੈ ਕੇ ਲਾਰਸ ਆਰਮੀਨੀਸੁਸ, ਅਰਮੀਨੀਅਨ ਗੁਲ, ਹੀਰਿੰਗ ਗੁਲ ਮੈਲਾਰਡ, ਪਿਨ ਟੇਲ ਵਿਸਲਿੰਗ ਟੀਲ ਕਾਮਨ ਟੀਲ ਖ਼ਰਗੋਸ਼ ਸਾਹੀ ਨੇਵਲਾ ਪੈਂਟਡ ਸਟਾਰਕ ਪਲਾਸ ਫਿਸ਼ ਈਗਲ ਲਾਲ ਸਿਰ ਵਾਲ਼ੇ ਗਿਦ ਸਫੇਦ ਪੁੰਛ ਵਾਲ਼ੇ ਗਿੱਦ ਗ੍ਰੇਟਰ ਸਪੋਟੇਡ ਈਗਲ ਆਦਿ ਅਨੇਕਾਂ ਜਾਤੀਆਂ ਦੇ ਜੀਵਾਂ ਅਤੇ ਪ੍ਰਵਾਸੀ ਪੰਛੀਆਂ ਦੀ ਆਮਦ ਰਹਿੰਦੀ ਹੈ। ਇਨ੍ਹਾਂ ਜਲਗਾਹਾਂ ’ਤੇ ਦੁਰਲੱਭ ਮੱਛੀਆਂ, ਮੁਰਗਾਬੀਆਂ ਅਤੇ ਹੋਰ ਜਲ ਜੰਤੂ ਮਿਲਦੇ ਹਨ। ਪ੍ਰਕਿਰਤੀ ਵਿਚ ਇਹ ਗੁਰਦਿਆਂ ਦਾ ਕੰਮ ਕਰਦੀਆਂ ਹਨ। ਜਲਗਾਹਾਂ ਨੂੰ ਧਰਤੀ ਦਾ ਸ਼ਿੰਗਾਰ ਅਤੇ ਵਾਤਾਵਰਨ ਦੀ ਸੁੰਦਰਤਾ ਵੀ ਕਿਹਾ ਗਿਆ ਹੈ।
ਇਹ ਜਲਗਾਹਾਂ ਸੈਲਾਨੀਆਂ ਨੂੰ ਵੀ ਆਪਣੇ ਵੱਲ ਖਿੱਚਦੀਆਂ ਹਨ। ਹਰ ਸਾਲ ਲੱਖਾਂ ਸੈਲਾਨੀ ਇਨ੍ਹਾਂ ਜਲਗਾਹਾਂ ਨੂੰ ਵੇਖਣ ਆਉਦੇ ਹਨ ਅਤੇ ਕੁਦਰਤ ਦਾ ਅਨੰਦ ਮਾਣਦੇ ਹਨ। ਜਲਗਾਹਾਂ ਮਨੋਰੰਜਨ ਦਾ ਕੁਦਰਤੀ ਸਾਧਨ ਹਨ। ਇਹ ਹੜ੍ਹਾਂ ਨੂੰ ਆਪਣੇ ਅੰਦਰ ਸਮਾਉਣ ਦੀ ਸ਼ਕਤੀ ਰੱਖਦੀਆਂ ਹਨ। ਇਹ ਅਲੋਪ ਹੋ ਰਹੇ ਜੀਵਾਂ ਲਈ ਸੁਰੱਖਿਆਂ ਵੀ ਪ੍ਰਦਾਨ ਕਰਦੀਆਂ ਹਨ। ਰਿਪੋਰਟ ਅਨੁਸਾਰ 1970 ਤੋਂ ਬਾਅਦ ਦੁਨੀਆ ਭਰ ਦੀਆਂ 35 ਪ੍ਰਤੀਸ਼ਤ ਜਲਗਾਹਾਂ ਖਤਮ ਹੋ ਗਈਆਂ। ਭਾਰਤ ਵਿੱਚ ਇੱਕ ਤਿਹਾਈ ਝੀਲ ਭੂਮੀ ਸ਼ਹਿਰੀਕਰਨ ਅਤੇ ਖੇਤੀਯੋਗ ਜ਼ਮੀਨ ਦੇ ਵਿਸਤਾਰ ਕਾਰਨ ਖ਼ਤਮ ਹੋ ਗਈ। ਅਜਿਹਾ ਪਿਛਲੇ ਚਾਰ ਦਹਾਕਿਆਂ ਵਿੱਚ ਹੀ ਹੋਇਆ ਹੈ। ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਵੀ ਭਾਰਤ ਵਿੱਚ ਜਲਗਾਹਾਂ ਦੇ ਘਟਣ ਦਾ ਇੱਕ ਕਾਰਨ ਹੈ। ਸ਼ਹਿਰਾਂ ਦੇ ਆਲੇ-ਦੁਆਲੇ ਕੂੜੇ ਦੇ ਢੇਰ ਪਹਾੜਾਂ ਵਰਗੇ ਬਣਦੇ ਜਾ ਰਹੇ ਹਨ। ਪ੍ਰਦੂਸ਼ਿਤ ਅਤੇ ਗੰਦੇ ਪਾਣੀ ਨਾਲ ਭਰਨ ਕਾਰਨ ਕਈ ਜਲਗਾਹਾਂ ਨਸ਼ਟ ਹੋ ਗਈਆਂ। ਕੁਦਰਤੀ ਸਰੋਤਾਂ ਦੀ ਬੇਲੋੜੀ ਅਤੇ ਬਹੁਤ ਜਿਆਦਾ ਵਰਤੋਂ ਕਾਰਨ ਜਲ-ਜੀਵਨ ਖ਼ਤਰੇ ਵਿੱਚ ਹੈ। ਆਓ ਆਪਾਂ ਸਾਰੇ ਰਲ਼ ਕੇ ਧਰਤੀ ਦੇ ਜਨ-ਜੀਵਾਂ ਵਾਸਤੇ ਜਲ ਸੋਮਿਆਂ ਦੀ ਸੰਭਾਲ ਪ੍ਰਤੀ ਆਪਣੇ ਸੰਵਿਧਾਨਿਕ ਅਤੇ ਨਿੱਜੀ ਫ਼ਰਜ਼ਾਂ ਦੀ ਪਛਾਣ ਕਰੀਏ ਕਿਉਂ ਕਿ ਪਾਣੀ ਹਵਾ ਅਤੇ ਜਲਗਾਹਾਂ ਦੀ ਸੁਰੱਖਿਆ ਅਤੇ ਗੁਣਵੱਤਾ ਬਰਕਰਾਰ ਰੱਖ ਕੇ ਹੀ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਹੋ ਸਕਦੀ ਹੈ ਅਤੇ ਦੁਰਲੱਭ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
ਸ ਸ ਸ ਸ ਪੱਖੋਵਾਲ (ਲੁਧਿਆਣਾ)
9781590500
Leave a Comment
Your email address will not be published. Required fields are marked with *