ਚੰਡੀਗੜ੍ਹ 25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਥਾ ਦੇ ਸੈਕਟਰ-41 ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ’ਚ ਸਭਾ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਪੰਜਾਬੀ ਪ੍ਰੇਮੀ ਸਾਹਿਤਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ’ਤੇ ਪੰਜਾਬੀ ਦੇ ਪ੍ਰਸਿੱਧ ਕਵੀ ਬਾਬੂ ਰਾਮ ਦੀਵਾਨਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਪਹੁੰਚੇ ਸਾਹਿਤਕਾਰਾਂ ਨੂੰ ਜੀ ਆਇਆ ਆਖਦੇ ਹੋਏ ਦੱਸਿਆ ਗਿਆ ਕਿ 28 ਜਨਵਰੀ 2024 ਨੂੰ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਬਾਲ ਸਾਹਿਤਕਾਰ ਸ੍ਰੀਮਤੀ ਬਲਜਿੰਦਰ ਕੌਰ ਸ਼ੇਰਗਿੱਲ ਦੀ ਨਵੀਂ ਬਾਲ ਪੁਸਤਕ ”ਸੋਚ ਤੋਂ ਸੱਚ ਤੱਕ” ਨਵਾਂ ਪੰਧ ਨਵੀਂ ਸੋਚ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਾਂਝੇ ਤੌਰ ਤੇ ਲੋਕ ਅਰਪਨ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੰਸਥਾ ਦੇ ਅਹੁਦੇਦਾਰਾਂ ਵਲੋਂ ਹਾਰ ਪਹਿਨਾ ਕੇ ਮੁੱਖ ਮਹਿਮਾਨ ਬਾਬੂ ਰਾਮ ਦੀਵਾਨਾ ਜੀ ਦਾ ਹਾਰਦਿਕ ਸਵਾਗਤ ਕੀਤਾ ਗਿਆ। ਪਿ੍ੰਸੀਪਲ ਗੋਸਲ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੇ ਇੱਕ ਉੱਘੇ ਸਿਤਾਰੇ ਅਤੇ ਮਹਾਨ ਕਵੀ ਅਤੇ ਗਾਇਕ ਦੱਸਿਆ ਜੋ ਅਨੇਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਇਸ ਮੌਕੇ ’ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਨਵੇਂ ਸਾਲ ਦਾ ਸ਼ਾਨਦਾਰ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਅਤੇ ਸੰਸਥਾ ਦੇ ਕਾਰਜਕਾਰੀ ਜਨਰਲ ਸਕੱਤਰ ਰਾਜਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਇਸ ਸਾਲ ਦੇ ਕੈਲੰਡਰ ’ਚ ਸੰਸਥਾ ਦੀਆਂ ਸਾਲ ਭਰ ਦੀਆਂ ਗਤੀਵਿਧੀਆਂ ਨੂੰ ਫੋਟੋਆਂ ਰਾਹੀਂ ਦਰਸਾਇਆ ਗਿਆ ਹੈ । ਇਸ ਕੈਲੰਡਰ ਨੂੰ ਗੁੱਡ ਲਾਈਫ਼ ਅਕੈਡਮੀ ਮਲੋਆ ਅਤੇ ਚੰਡੀਗੜ੍ਹ ਕੰਪਿਊਟਰ ਇੰਸਟੀਚਿਊਟ ਖਰੜ ਵਲੋਂ ਸਾਂਝੇ ਤੌਰ ਤੇ ਸਪਾਂਸਰ ਕਰਕੇ ਛਪਵਾਇਆ ਗਿਆ ਹੈ।
ਇਸ ਮੌਕੇ ’ਤੇ ਹਾਜ਼ਰ ਹੋਰ ਪਤਵੰਤਿਆਂ ’ਚ ਬਲਵਿੰਦਰ ਸਿੰਘ, ਬੀਬੀ ਬਲਜਿੰਦਰ ਕੌਰ ਸ਼ੇਰਗਿੱਲ, ਸੰਸਥਾ ਦੇ ਜੁਆਇੰਟ ਸਕੱਤਰ ਸ੍ਰੀ ਕਿ੍ਸਨ ਰਾਹੀਂ, ਸ੍ਰੀ ਸ਼ਰਮਾ ਅਤੇ ਪਿੰਡ ਦੇ ਕੁੱਝ ਪਤਵੰਤੇ ਵੀ ਹਾਜ਼ਰ ਸਨ। ਸ੍ਰੀ ਬਾਬੂ ਰਾਮ ਦੀਵਾਨਾ ਵਲੋਂ ਪਿ੍ੰ. ਬਹਾਦਰ ਸਿੰਘ ਗੋਸਲ ਦੀਆਂ ਨਵੀਆਂ ਪੁਸਤਕਾਂ ਲੋਕ ਅਰਪਨ ਹੋਣ ਤੇ ਵਧਾਈ ਦਿੱਤੀ ਅਤੇ ਪੰਜਾਬੀ ਲਈ ਵੱਧ ਤੋਂ ਵੱਧ ਕੰਮ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਫੋਟੋ ਕੈਪਸ਼ਨ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ ਸੰਸਥਾ ਦਾ ਨਵਾਂ ਕੈਲੰਡਰ ਲੋਕ ਅਰਪਣ ਕਰਦੇ ਹੋਏ