ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰ ਅਤੇ ਪ੍ਰਸ਼ਾਸ਼ਨ ਦੇ ਦਾਅਵਿਆਂ ਦੇ ਬਾਵਜੂਦ ਵੀ ਟੈ੍ਰਵਲ ਏਜੰਟਾਂ ਵੱਲੋਂ ਬੇਰੁਜਗਾਰਾਂ ਅਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਲਾ ਪੁਲਿਸ ਮੁਖੀ ਫਰੀਦਕੋਟ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਆਹੁਤਾ ਜਸਵੀਰ ਕੌਰ ਵਾਸੀ ਪਿੰਡ ਬਰਗਾੜੀ ਨੇ ਦੱਸਿਆ ਕਿ ਉਸ ਕੋਲੋਂ ਸੁਖਚੈਨ ਸਿੰਘ ਵਾਸੀ ਪਿੰਡ ਬੁਰਜ ਹਰੀਕਾ ਨੇ ਵੀਜਾ ਏਜੰਟ ਬਣ ਕੇ 70 ਹਜਾਰ ਰੁਪਏ ਸੁਲੇਮਾਨੀਆਂ ਵਿਖੇ ਭੇਜਣ ਲਈ ਲਏ ਪਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸਨੂੰ ਮਸਕਟ ਵਿਖੇ ਜਹਾਜ ਰਾਹੀਂ ਭੇਜ ਦਿੱਤਾ ਗਿਆ ਅਤੇ ਉਸ ਤੋਂ ਅੱਗੇ 4 ਘੰਟੇ ਦੇ ਸਫਰ ਦੌਰਾਨ ਸੜਕੀ ਰਸਤੇ ਇਮਾਨ ਵਿਖੇ ਲਿਜਾ ਕੇ ਕਈ ਦਿਨ ਇਕ ਹੋਟਲ ਵਿੱਚ ਭੁੱਖੇ ਰੱਖਿਆ ਗਿਆ ਤੇ ਫਿਰ ਜਿਸਮ ਫਿਰੋਸ਼ੀ ਦੇ ਧੰਦੇ ਲਈ ਮਜਬੂਰ ਕੀਤਾ ਗਿਆ। ਸ਼ਿਕਾਇਤ ਕਰਤਾ ਮੁਤਾਬਿਕ ਉਹ ਖੁਦ ਪੈਸੇ ਖਰਚ ਕੇ ਉੱਥੋਂ ਮਸਾਂ ਬਚ ਕੇ ਵਾਪਸ ਘਰ ਪਰਤੀ ਤੇ ਜਦ ਉਕਤ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਪੈਸੇ ਵਾਪਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹਰਜੀਤ ਸਿੰਘ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਬਰਗਾੜੀ ਪੁਲਿਸ ਚੌਂਕੀ ਦੇ ਇੰਚਾਰਜ ਵਲੋਂ ਕੀਤੀ ਜਾ ਰਹੀ ਹੈ। ਚੌਂਕੀ ਇੰਚਾਰਜ ਏਐਸਆਈ ਗੁਰਮੇਜ ਸਿੰਘ ਸੰਧੂ ਨੇ ਆਖਿਆ ਕਿ ਸੁਖਚੈਨ ਸਿੰਘ ਵਲੋਂ ਇਕ ਸ਼ਾਹਕੋਟ ਦੇ ਟੈ੍ਰਵਲ ਏਜੰਟ ਰਾਹੀਂ ਜਸਵੀਰ ਕੌਰ ਨੂੰ ਬਾਹਰ ਭੇਜਣਾ ਸੀ ਪਰ ਹੁਣ ਟੈ੍ਰਵਲ ਏਜੰਟ ਨਾਲ ਸੰਪਰਕ ਨਹੀਂ ਹੋ ਰਿਹਾ ਪਰ ਪੀੜਤ ਨੂੰ ਹਰ ਹਾਲਤ ਵਿੱਚ ਇਨਸਾਫ ਦਿਵਾਇਆ ਜਾਵੇਗਾ।