ਬਠਿੰਡਾ, 14 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪਿਛਲੀਆਂ ਸਰਕਾਰਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੌਕੇ ਦੀਆਂ ਸਰਕਾਰਾਂ ਖਿਲਾਫ਼ ਲੱਗਣ ਵਾਲੇ ਧਰਨੇ ਮੁਜ਼ਾਹਰਿਆਂ ਦੀ ਡੱਟ ਕੇ ਹਮਾਇਤ ਕਰਨ ਵਾਲੇ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਾਰ ਬਣਨ ਤੇ ਉਹਨਾਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੂਰੀ ਤਰਾਂ ਲਾ ਪ੍ਰਵਾਹ ਹੋ ਗਏ ਹਨ। ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੀ ਵਜ਼ਾਰਤ ਆ ਜਾਣ ਤੇ ਕਿਸੇ ਵੀ ਤਰਾਂ ਦੇ ਧਰਨੇ ਮੁਜ਼ਾਹਰਿਆਂ ਦੀ ਲੋੜ ਨਹੀਂ ਪਵੇਗੀ, ਅੱਜ ਲੱਗਭੱਗ ਹਰੇਕ ਮਹਿਕਮਾ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ।
ਇਸ ਬਾਰੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਵੈਟਨਰੀ ਏਆਈ ਵਰਕਰ ਯੂਨੀਅਨ ਨੇ ਕਿਹਾ ਕਿ ਸਾਡੇ ਵਰਕਰਾਂ ਨੂੰ ਪੱਕਿਆਂ ਕਰਨ ਸਮੇਤ ਕੁਝ ਹੋਰ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਮੋਹਾਲੀ ਸੈਕਟਰ 68 ਵਿੱਚ ਸਥਿਤ ਪਸ਼ੂ ਪਾਲਣ ਵਿਭਾਗ ਕੰਪਲੈਕਸ ਦੇ ਮੁੱਖ ਗੇਟ ਤੇ 21 ਸਤੰਬਰ 2022 ਤੋਂ ਲਗਾਤਾਰ ਸ਼ਾਂਤਮਈ ਢੰਗ ਨਾਲ ਧਰਨਾ ਜਾਰੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਅਨੇਕਾਂ ਵਾਰ ਮੀਟਿੰਗਾਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਅਤੇ ਮਹਿਕਮੇ ਦੇ ਡਾਇਰੈਕਟਰ ਨਾਲ ਹੋਈਆਂ। ਪ੍ਰੰਤੂ ਸਾਨੂੰ ਹਰੇਕ ਵਾਰ ਮਿੱਠੀ ਗੋਲੀ ਦੇ ਕੇ ਮੋੜ ਦਿੱਤਾ ਗਿਆ। ਸਿਰਫ ਇਨਾ ਹੀ ਨਹੀਂ ਸਾਡੀਆਂ ਸਬੰਧਤ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਬਣਾਈ ਗਈ ਸਬ ਕਮੇਟੀ ਜਿਸ ਦੀ ਅਗਵਾਈ ਸ੍ਰ ਹਰਪਾਲ ਸਿੰਘ ਚੀਮਾ ਸ਼੍ਰੀ ਅਮਨ ਅਰੋੜਾ ਅਤੇ ਸ੍ਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ , ਨੇ ਵੀ ਸਾਡੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਜੀ ਨੂੰ ਮੰਗਾਂ ਦੇ ਅਧਾਰ ਤੇ ਮਹਿਕਮੇ ਵਿੱਚ ਪੱਕੇ ਤੌਰ ਤੇ ਭਰਤੀ ਕਰਨ ਲਈ ਕਿਹਾ। ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਇਸ ਪਾਸੇ ਅਜੇ ਤੱਕ ਕੋਈ ਕਦਮ ਨਹੀਂ ਪੁੱਟਿਆ ਗਿਆ। ਹੁਣ ਤਾਂ ਸਾਨੂੰ ਇਹ ਜਾਪਣ ਲੱਗ ਪਿਆ ਹੈ ਕਿ ਸਰਕਾਰ ਸਾਡੇ ਨਾਲ ਡਰਾਮਾ ਹੀ ਖੇਡ ਰਹੀ ਹੈ। ਯੂਨੀਅਨ ਆਗੂਆਂ ਨੇ ਚੇਤਾਵਲੀ ਦਿੰਦੇ ਹੋਏ ਕਿਹਾ ਕਿ ਹੁਣ ਇਸ ਦਾ ਭੁਗਤਾਨ ਸਬੰਧਤ ਮਹਿਕਮੇ ਦੇ ਮੰਤਰੀ ਸ੍ਰੀ ਗੁਰਮੀਤ ਸਿੰਘ ਖੁਡੀਆਂ ਨੂੰ 18 ਫਰਵਰੀ 2024 ਨੂੰ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਇਸ ਦਿਨ ਸ੍ਰੀ ਗੁਰਮੀਤ ਸਿੰਘ ਖੁਡੀਆਂ ਦੇ ਹਲਕੇ ਲੰਬੀ ਵਿੱਚ ਜਥੇਬੰਦੀ ਵੱਲੋਂ ਇੱਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਯੂਨੀਅਨਾਂ ਹਿੱਸਾ ਲੈਣ ਜਾ ਰਹੀਆਂ ਹਨ। ਜਥੇਬੰਦੀ ਆਗੂਆਂ ਨੇ ਕਿਹਾ ਕਿ ਇਸ ਰੈਲੀ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇਗਾ।
Leave a Comment
Your email address will not be published. Required fields are marked with *