ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਕਿੱਲਿਆਂਵਾਲੀ ਕਾਲਜ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਹੈ। ਉਹਨੇ ਪੰਜਾਬੀ ਦੇ ਸਾਂਸਕ੍ਰਿਤਕ-ਸਭਿਆਚਾਰਕ ਸਾਹਿਤ ਦਾ ਡੂੰਘਾ ਮੁਤਾਲਿਆ ਕੀਤਾ ਹੈ ਤੇ ਇਸ ਪ੍ਰਸੰਗ ਵਿੱਚ ਉਹਦੀਆਂ ਹੁਣ ਤੱਕ 4 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ – ਕਿੱਸਾਕਾਰ ਵੈਦ ਇੰਦਰ ਸਿੰਘ, ਪੰਡਤ ਪੂਰਨ ਚੰਦ ਦੀ ਕਿੱਸਾਕਾਰੀ, ਪੰਜਾਬੀ ਸਭਿਆਚਾਰ ਦੇ ਪਛਾਣ-ਚਿੰਨ੍ਹ, ਸ਼ਾਇਰ ਦਾ ਦਿਲ। ਵਿਚਾਰ ਅਧੀਨ ਚੌਥੀ ਕਿਤਾਬ (‘ਸ਼ਾਇਰ ਦਾ ਦਿਲ’; ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ; ਪੰਨੇ : 128; ਮੁੱਲ : 220/-) ਵਿੱਚ ਵੈਦ ਇੰਦਰ ਸਿੰਘ ਦੀ ਕਵਿਤਾ ਨੂੰ ਸੰਪਾਦਿਤ ਕੀਤਾ ਗਿਆ ਹੈ, ਜੋ ਵੈਦ ਹੋਣ ਦੇ ਨਾਲ-ਨਾਲ ਵਧੀਆ ਕਿੱਸਾਕਾਰ, ਕਵੀਸ਼ਰ ਅਤੇ ਕਵੀ ਵੀ ਸੀ। ਪਿੰਡ ਦਾਤੇਵਾਸ (ਮਾਨਸਾ) ਵਿੱਚ ਜਨਮੇ ਵੈਦ ਇੰਦਰ ਸਿੰਘ (ਮੁੱਢਲਾ ਨਾਂ ਇੰਦਰ ਰਾਮ) ਨੇ ਪੰਜਾਬੀ ਤੇ ਉਰਦੂ ਦੀ ਲੋੜੀਂਦੀ ਸਿੱਖਿਆ ਪ੍ਰਾਪਤ ਕਰਕੇ ਆਪਣਾ ਖਾਨਦਾਨੀ ਕਿੱਤਾ ਸਵਰਨਕਾਰੀ ਸ਼ੁਰੂ ਕਰ ਲਿਆ।
ਰੀਵਿਊ ਅਧੀਨ ਕਿਤਾਬ ਵਿੱਚ ਡਾ. ਖੁਸ਼ਨਸੀਬ ਨੇ ਮੁੱਖਬੰਧ (ਪ੍ਰੋ. ਨਰੂਆਣਾ) ਅਤੇ ਭੂਮਿਕਾ ਸਮੇਤ ਕਵੀ ਦੇ ਜੀਵਨ ਅਤੇ ਉਸਦੀ ਹੱਥਲਿਖਤ ਤੋਂ ਇਲਾਵਾ 49 ਕਵਿਤਾਵਾਂ ਸੰਕਲਿਤ ਕੀਤੀਆਂ ਹਨ। ਇਸ ਵਿੱਚ ਸ਼ਾਮਲ ਕੁਝ ਕਵਿਤਾਵਾਂ ਵਿੱਚੋਂ ਵੈਦਿਕ ਵਿਚਾਰਧਾਰਾ ਦੀ ਝਲਕ ਵੇਖੀ ਜਾ ਸਕਦੀ ਹੈ, ਜੋ ਕਵੀ ਨੇ ਪੁਰਾਤਨ ਗ੍ਰੰਥਾਂ ਅਤੇ ਕਿੱਸਿਆਂ ਦੇ ਅਧਿਐਨ ਤੋਂ ਪ੍ਰਾਪਤ ਕੀਤੀ। ਉਹਨੂੰ ਹਿੰਦੀ, ਬ੍ਰਜਭਾਸ਼ਾ, ਉਰਦੂ ਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਸੀ। ਪਿਤਾ-ਪੁਰਖੀ ਕਿੱਤੇ ਦੇ ਨਾਲ-ਨਾਲ ਉਹਨੇ ਪਹਿਲਾਂ ਵੈਦਗੀ ਦੇ ਗੁਰ ਹਾਸਲ ਕੀਤੇ, ਫਿਰ ਪਿੰਗਲ ਨੂੰ ਸਮਝ ਕੇ ਕੁਝ ਕਿੱਸਿਆਂ ਦੀ ਰਚਨਾ ਕੀਤੀ।
ਡਾ. ਖੁਸ਼ਨਸੀਬ ਨੇ ਇਸ ਪੁਸਤਕ ਦੀ ਰਚਨਾ ਕਰਦੇ ਸਮੇਂ ਖੋਜ-ਅਧਿਐਨ ਦੇ ਨਾਲ-ਨਾਲ ਫ਼ੀਲਡ ਵਰਕ ਵੀ ਕੀਤਾ ਹੈ ਤੇ ਉਨ੍ਹਾਂ ਲੇਖਕਾਂ ਦੀਆਂ ਲਿਖਤਾਂ ਨੂੰ ਆਧਾਰ-ਸਾਮੱਗਰੀ ਵਜੋਂ ਵਰਤਿਆ ਹੈ, ਜਿਨ੍ਹਾਂ ਨੇ ਵੈਦ ਇੰਦਰ ਸਿੰਘ ਬਾਰੇ ਕੋਈ ਕੰਮ ਕੀਤਾ ਹੈ। ਇਨ੍ਹਾਂ ਲੇਖਕਾਂ ਵਿੱਚ ਬਲਵੰਤ ਗਾਰਗੀ, ਉੱਤਮ ਸਿੰਘ ਭਾਟੀਆ, ਡਾ. ਮਾਨ ਸਿੰਘ ਅੰਮ੍ਰਿਤ, ਡਾ. ਗੁਰਦੇਵ ਸਿੰਘ ਸਿੱਧੂ, ਡਾ. ਅਜਮੇਰ ਸਿੰਘ, ਪ੍ਰੋ. ਕ੍ਰਿਪਾਲ ਸਿੰਘ ਕਸੇਲ ਅਤੇ ਪ੍ਰੋ. ਗੁਰਬਚਨ ਸਿੰਘ ਨਰੂਆਣਾ ਆਦਿ ਦੇ ਨਾਂ ਸ਼ਾਮਲ ਹਨ।
ਵੈਦ ਇੰਦਰ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਵਾਲੇ ਚੈਪਟਰ ਵਿੱਚ ਡਾ. ਖੁਸ਼ਨਸੀਬ ਨੇ ਉਸਦੀ ਵਿਦਿਆ ਪ੍ਰਾਪਤੀ, ਪਰਿਵਾਰ, ਵਿਆਹ, ਰਚਨਾ, ਵਿਚਾਰਧਾਰਾ, ਬੋਲੀ ਤੇ ਸ਼ਬਦਾਵਲੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਕਵੀ ਦੀਆਂ ਕਵਿਤਾਵਾਂ ਸਿਰਫ਼ ਰੋਮਾਂਟਿਕ ਜਾਂ ਸੁਹਜ-ਸੁਆਦ ਦੀ ਤ੍ਰਿਪਤੀ ਹੀ ਨਹੀਂ ਕਰਦੀਆਂ, ਸਗੋਂ ਤੱਤਕਾਲੀ/ਸਮਕਾਲੀ ਸਮਾਜਕ/ਰਾਜਨੀਤਿਕ ਪਰਿਸਥਿਤੀਆਂ ਤੇ ਵੀ ਬੇਬਾਕ ਟਿੱਪਣੀਆਂ ਕਰਦੀਆਂ ਹਨ। ਸਾਹਿਤ ਨੂੰ ਇਸੇਲਈ ਸਮਾਜ ਦਾ ਦਰਪਣ ਮੰਨਿਆ ਗਿਆ ਹੈ ਕਿਉਂਕਿ ਕਵੀ/ਲੇਖਕ ਇਸ ਵਿੱਚ ਆਪਣੇ ਸਮਾਜ/ਲੋਕਾਈ ਦੇ ਦੁਖਾਂ, ਦਰਦਾਂ, ਫ਼ਿਕਰਾਂ,ਸਮੱਸਿਆਵਾਂ, ਪ੍ਰੇਸ਼ਾਨੀਆਂ ਨੂੰ ਪ੍ਰਸਤੁਤ ਕਰਦਾ ਹੈ। ਵੈਦ ਇੰਦਰ ਸਿੰਘ ਦੀ ਕਵਿਤਾ ‘ਚੋਂ ਅਜਿਹੇ ਭਾਵਬੋਧ ਦੀ ਤਰਜਮਾਨੀ ਕਰਦੀਆਂ ਪੰਕਤੀਆਂ ਵੇਖੀਆਂ ਜਾ ਸਕਦੀਆਂ ਹਨ :
ਕਰਾਂਗੇ ਗਰੀਬੀ ਦੂਰ ਝੂਠੇ ਲਾਰੇ ਲਾਈ ਜਾਂਦੇ,
ਝੂਠ ਨਿੱਤ ਬੋਲਦੇ ਜਰਾ ਨਾ ਸ਼ਰਮਾਂਦੇ ਨੇ।
ਇੰਦਰ ਜੀ ਕਹੇ ਹਰੀਜਨਾਂ ਕੋਲੋਂ ਵੋਟ ਲੈ ਕੇ,
ਖੁੱਡ ਨਾ ਜ਼ਮੀਨ ਦਿੱਤੀ ਬੈਠੇ ਪਛਤਾਂਦੇ ਨੇ। (ਪੰਨਾ 35)
ਕਰਫ਼ਿਊ ਲਗਾ ਕੇ ਬੰਦੇ ਬੰਦ ਕੀਤੇ ਘਰਾਂ ਵਿੱਚ,
ਬੱਚੇ ਭੁੱਖੇ ਰੋਂਦੇ ਪੇਟ ਉਠ ਰਹੀਆਂ ਲੂਰੀਆਂ।
ਗੁੱਤ ਪਿੱਛੇ ਮੱਤ ਤਾਂਹੀ ਆਖਦੇ ਸਿਆਣੇ ਲੋਕ,
ਪੈਂਦੀਆਂ ਕਦੰਤ ਨਾਹੀਂ ਨਾਰੀਆਂ ਤੋਂ ਪੂਰੀਆਂ। (ਪੰਨਾ 41)
ਪੰਨਾ 21 ਤੋਂ 79 ਤੱਕ ਸਾਰੀਆਂ ਕਵਿਤਾਵਾਂ ਸਿਰਲੇਖ ਵਾਲੀਆਂ ਤੇ ਲੱਗਭੱਗ ਛੋਟੇ ਆਕਾਰ ਦੀਆਂ ਹਨ, ਇਸ ਪਿੱਛੋਂ 81 ਤੋਂ 113 ਪੰਨੇ ਤੱਕ ਸੀ-ਹਰਫ਼ੀ ਹੈ, ਜੋ ਫ਼ਾਰਸੀ ਵਰਣਮਾਲਾ ਦੇ 30 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਰਬਾਣੀ ਵਿੱਚ ਪੱਟੀ ਜਾਂ ਬਾਵਨ ਅੱਖਰੀ ਆਦਿ ਕਾਵਿਰੂਪ ਹਨ।
ਵੈਦ ਇੰਦਰ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਨੂੰ ਅਧਿਐਨ ਦੀ ਸੁਵਿਧਾ ਲਈ ਕੁਝ ਇੱਕ ਭਾਗਾਂ ਵਿੱਚ ਵਿਭਾਜਿਤ ਕੀਤਾ ਜਾ ਸਕਦਾ ਹੈ: ਸਮਾਜਕ, ਅਧਿਆਤਮਕ, ਰਾਜਨੀਤਕ, ਕਲਾਤਮਕ, ਸਿੱਖ-ਸਦਾਚਾਰਕ ਆਦਿ। ‘ਰਾਖਾ ਬਣਿਆ ਸੀ ਸਾਰੀ ਹਿੰਦ ਵੈਣ ਜੀ’ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਨੂੰ ਰੇਖਾਂਕਿਤ ਕੀਤਾ ਗਿਆ ਹੈ:
ਸੁਣਕੇ ਬੇਨਤੀ ਗੁਰਾਂ ਵਿਚਾਰ ਕੀਤੀ,
ਸਮਾਂ ਆ ਗਿਆ ਕੁਰਬਾਨੀਆਂ ਦੇਣ ਦਾ ਜੀ।
ਇੰਦਰ ਕਵੀ ਜੀ ਜਗਤ ਗੁਰੂ ਤਿਆਰ ਹੋਗੇ,
ਕੀਤਾ ਪਰਣ ਸੀ ਦੀਨ ਰੱਖ ਲੈਣ ਦਾ ਜੀ।
ਦੁਲਾਹ ਵਤਨ ਦਾ ਕੌਮ ਦੀ ਸ਼ਾਨ ਬਦਲੇ,
ਰਾਖਾ ਬਣਿਆ ਸੀ ਸਾਰੀ ਹਿੰਦ ਵੈਣ ਦਾ ਜੀ। (ਪੰਨਾ 53)
ਇਸੇ ਤਰ੍ਹਾਂ ਐਮਰਜੈਂਸੀ ਦੇ ਦਿਨਾਂ ਦੀ ਬਾਤ ਪਾਉਂਦਿਆਂ ਕਵੀ ਉਸ ਸਮੇਂ ਦੇ ਹਾਲਾਤ ਦਾ ਹਕੀਕੀ ਮੰਜ਼ਰ ਇਸੇ ਸਿਰਲੇਖ ਵਾਲੀ ਕਵਿਤਾ ਵਿੱਚ ਬਿਆਨ ਕਰਦਾ ਹੋਇਆ ਕਹਿੰਦਾ ਹੈ:
ਚੰਦ ਬੰਦੇ ਆਜ਼ਾਦੀ ਦੇ ਹੈਨ ਮਾਲਕ,
ਨਾਲ ਡਾਢਿਆਂ ਦੇ ਕਰ ਘੋਲ ਨਾ ਤੂੰ।
ਇੰਦਰ ਕਵੀ ਗਰੀਬਾਂ ਦਾ ਰੱਬ ਹੈ ਨਹੀਂ,
ਕਹਿੰਦਾ ਪਰੇ ਹੋ ਪਰੇ ਖੜ੍ਹ ਕੋਲ ਨਾ ਤੂੰ। (ਪੰਨਾ 58)
ਮੁੱਖਬੰਧ ਵਿੱਚ ਪ੍ਰੋ. ਨਰੂਆਣਾ ਮੁਤਾਬਕ ਇੰਦਰ ਸਿੰਘ ਦਾ ਜੀਵਨ ਕਾਲ 1906 ਤੋਂ 1944 ਤੱਕ ਦਾ ਹੈ, ਪਰ ਪੁਸਤਕ ਵਿੱਚ ਜੋ ਕਵਿਤਾਵਾਂ ਹਨ, ਉਨ੍ਹਾਂ ਵਿੱਚ ‘ਕਰਫ਼ਿਊ ਸਮੇਂ ਇੰਦਰਾ ਨੂੰ’, ‘ਦਿੱਲੀ ਦੰਗਿਆਂ ‘ਚ ਗੁੰਡਾਗਰਦੀ’, ‘ਐਮਰਜੈਂਸੀ’, ‘ਦਿੱਲੀ ਦੰਗੇ’ ਆਦਿ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਵੀ 1984 ਤੱਕ ਜ਼ਰੂਰ ਜੀਵਿਤ ਰਿਹਾ ਹੋਵੇਗਾ। ਸੰਭਵ ਹੈ ਕਿ ਪਰੂਫ਼ ਰੀਡਿੰਗ ਦੀ ਗਲਤੀ ਕਰਕੇ 1944 ਛਪ ਗਿਆ ਹੋਵੇ। ਲੇਖਕਾ ਨੇ ਵੀ ਵੈਦ ਦੀ ਜੀਵਨੀ ਵਿੱਚ ਉਸਦਾ ਜਨਮ ਤਾਂ ਲਿਖ ਦਿੱਤਾ ਹੈ ਪਰ ਦਿਹਾਂਤ ਦਾ ਕੋਈ ਜ਼ਿਕਰ ਨਹੀਂ ਕੀਤਾ। ਅਜਿਹੀਆਂ ਗਲਤੀਆਂ ਨਾਲ ਪਾਠਕ ਦੇ ਮਨ ਵਿੱਚ ਦੁਬਿਧਾ ਪੈਦਾ ਹੁੰਦੀ ਹੈ। ਗੂਗਲ ਵਿੱਚੋਂ ਵੀ ਇੰਦਰ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਸ਼ਬਦਜੋੜ ਵੀ ਕੁਝ ਥਾਂਵਾਂ ਤੇ ਠੀਕ ਕਰਨੋਂ ਰਹਿ ਗਏ ਹਨ (ਜਿਵੇਂ ਸੁਗੜ, ਪੰਨਾ 10; ਵਿਅਕਤੀਤਵ, ਪੰਨਾ 11; ਮੁਸਾ, ਪੰਨਾ 46, ਦਰਮੇਸ਼, ਪੰਨਾ 52 ਆਦਿ)
ਪੁਸਤਕ ਦੇ ਅੰਤ ਵਿੱਚ ਅਰਥਾਵਲੀ (ਪੰਨਾ 115 -128) ਦਰਜ ਹੈ, ਜਿਸਦੇ ਅੰਤਰਗਤ ਮੁਸ਼ਕਿਲ ਸ਼ਬਦਾਂ ਦੇ ਅਰਥ/ਭਾਵਾਂ ਨੂੰ ਸਪਸ਼ਟ ਕੀਤਾ ਗਿਆ ਹੈ। ਅਣਗੌਲੇ ਤੇ ਵਿੱਸਰੇ ਸ਼ਾਇਰ ਵੈਦ ਇੰਦਰ ਸਿੰਘ ਦੇ ਕਾਵਿ-ਸੰਸਾਰ ਨੂੰ ਗੰਭੀਰਤਾ ਨਾਲ ਰੇਖਾਂਕਿਤ ਕਰਨ ਵਾਲੀ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਵੈਦ ਇੰਦਰ ਸਿੰਘ-ਕਾਵਿ ਦੇ ਜਗਿਆਸੂਆਂ ਲਈ ਇਹ ਪੁਸਤਕ ਕਾਫ਼ੀ ਲਾਭਕਾਰੀ ਤੇ ਜ਼ਰੂਰੀ ਸਾਮੱਗਰੀ ਮੁਹੱਈਆ ਕਰਵਾਏਗੀ!
![](https://i0.wp.com/worldpunjabitimes.com/wp-content/uploads/2023/11/x.jpg?resize=661%2C800&ssl=1)
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *