ਸਰੀ, 12 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੰਜਾਬੀ ਸਾਹਿਤ ਦੇ ਸਮੂਹ ਪਾਠਕਾਂ ਨੂੰ ਗੁਰਦਿਆਲ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਲਿਖਾਰੀ ਸਭਾ ਬਰਨਾਲਾ ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਸੀ ਅਤੇ ਗੁਰਦਿਆਲ ਸਿੰਘ ਵੀ ਉਸ ਸਭਾ ਦੇ ਮੈਂਬਰ ਸਨ ਅਤੇ ਉਸ ਸਭਾ ਵਿਚ ਉਨ੍ਹਾਂ ਦਾ ਮਿਲਾਪ ਗੁਰਦਿਆਲ ਸਿੰਘ ਨਾਲ ਹੋਇਆ। ਗੁਰਦਿਆਲ ਸਿੰਘ ਨੇ ਸ਼ੁਰੂ ਵਿਚ ਬਕੱਲਮਖ਼ੁਦ ਕਾਲਮ ਰਾਹੀਂ ਬਾਲ ਸਾਹਿਤ ਦੀ ਰਚਨਾ ਕੀਤੀ। ਕੁਝ ਕਵਿਤਾਵਾਂ ਵੀ ਲਿਖੀਆਂ ਸਨ ਜੋ ਗੁਰਦਿਆਲ ਸਿੰਘ ਰਾਹੀ ਦੇ ਨਾਂ ਹੇਠ ਪ੍ਰਕਾਸ਼ਿਤ ਹੋਈਆਂ, ਫਿਰ ਉਨ੍ਹਾਂ ਬਹੁਤ ਵਧੀਆ ਕਹਾਣੀਆਂ ਲਿਖੀਆਂ। ਜਦੋਂ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਤਾਂ ਉਸ ਨੇ ਪੰਜਾਬੀ ਨਾਵਲ ਨੂੰ ਅਹਿਮ ਮੋੜ ਦਿੱਤਾ। ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਣ ਉਪਰੰਤ ਦੇ ਗੁਰਦਿਆਲ ਸਿੰਘ ਦੇ ਨਾਮ ਨਾਲ “ਮੜ੍ਹੀ ਦਾ ਦੀਵਾ” ਜੁੜ ਗਿਆ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿਚ ਨਾਇਕ ਦੇ ਪ੍ਰਚੱਲਤ ਸੰਕਲਪ ਨੂੰ ਤੋੜਿਆ ਅਤੇ ਦੱਬੇ ਕੁਚਲੇ ਅਤੇ ਆਮ ਲੋਕਾਂ ਨੂੰ ਪੰਜਾਬੀ ਨਾਵਲ ਦੇ ਨਾਇਕ ਬਣਾਇਆ। ਉਨ੍ਹਾਂ ਦੇ ਨਾਵਲਾਂ ਵਿਚ ਲੇਖਕ ਖ਼ੁਦ ਕਿਤੇ ਨਜ਼ਰ ਨਹੀਂ ਆਉਂਦਾ ਸਗੋਂ ਪਾਤਰ ਹੀ ਆਪਣੇ ਸਹਿਜ ਰੂਪ ਵਿਚ ਪ੍ਰਗਟ ਹੁੰਦੇ ਹਨ। ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਗੁਰਦਿਆਲ ਸਿੰਘ ਨੂੰ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਦੱਸਦਿਆਂ ਕਿਹਾ ਕਿ ‘ਮੜ੍ਹੀ ਦਾ ਦੀਵਾ’ ਤੇ ‘ਅਣਹੋਏ’ ਉਨ੍ਹਾਂ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹਨ। ਉਨ੍ਹਾਂ ਆਪਣੇ ਨਾਵਲਾਂ ਵਿਚ ਠੇਠ ਮਲਵਈ ਭਾਸ਼ਾ ਨੂੰ ਪ੍ਰਸਾਰਨ ਦਾ ਵੀ ਵਿਸ਼ੇਸ਼ ਕਾਰਜ ਕੀਤਾ।
ਹਰਦਮ ਸਿੰਘ ਮਾਨ ਨੇ ਉਨ੍ਹਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰਦਿਆਲ ਸਿੰਘ ਦੀ ਸਾਹਿਤਕ ਬੁੱਕਲ ਮਾਨਣ ਦਾ ਫ਼ਖ਼ਰ ਹਾਸਲ ਹੈ। ਉਹ ਬਹੁਤ ਹੀ ਦਰਵੇਸ਼ ਇਨਸਾਨ, ਵੱਡੇ ਵਿਦਵਾਨ, ਮਹਾਨ ਚਿੰਤਕ ਅਤੇ ਸਾਹਿਤਕਾਰ ਸਨ ਜਿਨ੍ਹਾਂ ਪੰਜਾਬੀ ਸਾਹਿਤ ਨੂੰ ਵਿਸ਼ਵ ਦੀਆਂ ਬੁਲੰਦੀਆਂ ਤੀਕ ਪੁਚਾਇਆ। ਸ਼ੁਰੂ ਵਿਚ ਉਨ੍ਹਾਂ ਦਾ ਜੀਵਨ ਬੇਹੱਦ ਸੰਘਰਸ਼ਮਈ ਰਿਹਾ। ਉਨ੍ਹਾਂ ਨੇ ਦਸ ਨਾਵਲਾਂ, ਦਸ ਕਹਾਣੀ ਸੰਗ੍ਰਿਹਾਂ, ਤਿੰਨ ਨਾਟਕਾਂ ਤੇ ਦਸ ਬਾਲ ਪੁਸਤਕਾਂ ਦੇ ਯੋਗਦਾਨ ਰਾਹੀਂ ਪੰਜਾਬੀ ਸਾਹਿਤ ਨੂੰ ਮਾਲੋਮਾਲ ਕੀਤਾ ਅਤੇ ਇਸ ਯੋਗਦਾਨ ਦੀ ਬਦੌਲਤ ਉਨ੍ਹਾਂ ਨੂੰ ਸਾਹਿਤ ਦੇ ਵੱਡੇ ਵੱਡੇ ਮਾਣ ਸਨਮਾਨ ਮਿਲੇ ।
ਅੰਗਰੇਜ਼ ਬਰਾੜ ਨੇ ਉਨ੍ਹਾਂ ਨੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਲੇਖਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ। ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ ‘ਗਿਆਨਪੀਠ’ ਹਾਸਲ ਕਰਨ ਦਾ ਵੀ ਫ਼ਖ਼ਰ ਪ੍ਰਾਪਤ ਹੋਇਆ। ਮਹਿੰਦਰਪਾਲ ਸਿੰਘ ਪਾਲ, ਬੌਬੀ ਦਿਓਲ, ਨਰਿੰਦਰ ਸਿੱਧੂ ਅਤੇ ਪ੍ਰੀਤਇੰਦਰ ਸਿੰਘ ਬਾਜਵਾ ਨੇ ਇਸ ਮੌਕੇ ਗੁਰਦਿਆਲ ਸਿੰਘ ਨਾਵਲਾਂ ਅਤੇ ਪਾਤਰ ਚਿਤਰਣ ਦੀ ਗੱਲ ਕੀਤੀ।
Leave a Comment
Your email address will not be published. Required fields are marked with *