ਸਰੀ, 24 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ: ਇਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸ਼ੀਏਸ਼ਨ, ਕੈਨੇਡਾ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਡਾ. ਸਾਧੂ ਬਿਨਿੰਗ ਵੱਲੋਂ ਭਾਵਪੂਰਤ ਵਿਚਾਰ ਚਰਚਾ ਕੀਤੀ ਗਈ।
ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਮੰਚ ਦੀਆਂ ਕਾਰਗੁਜਾਰੀਆਂ ਨਾਲ ਰੂ-ਬ-ਰੂ ਕਰਵਾਉਣ ਨਾਲ ਹੋਇਆ। ਵੈਨਕੂਵਰ ਵਿਚਾਰ ਮੰਚ ਵੱਲੋਂ ਸਮੇਂ-ਸਮੇਂ ’ਤੇ ਵਿਦਾਵਾਨਾਂ ਨਾਲ ਕੀਤੀਆ ਗਈਆਂ ਗੋਸ਼ਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਜੀ ਆਇਆਂ ਕਿਹਾ। ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਮਾਤ-ਭਾਸ਼ਾ ਦਿਵਸ ਦੇ ਇਤਿਹਾਸਕ ਕਾਰਨਾਂ ਅਤੇ ਮਰਕਜਾਂ ਉਪਰ ਚਾਣਨਾ ਪਾਉਂਦਿਆ ਹੋਇਆ ਸੈਮੀਨਾਰ ਵਿੱਚ ਸ਼ਿਰਕਤ ਕਰਨ ਆਏ ਦੋਹਾਂ ਮੁੱਖ ਬੁਲਾਰਿਆਂ ਦੀਆਂ ਅਕਾਦਮਿਕ ਤੇ ਸਾਹਿਤਕ ਪ੍ਰਾਪਤੀਆਂ ਅਤੇ ਵਿਸ਼ੇਸ਼ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਸਾਧੂ ਬਿਨਿੰਗ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੇ ਬਦਲਾਵ ਨਾਲ ਪਰਵਾਸੀ ਧਰਤੀ ਉਪਰ ਸਕੂਲ/ਕਾਲਜ/ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਅਕਾਦਮਿਕ ਪੱਧਰ ‘ਤੇ ਲਾਗੂ ਕਰਨ ਦੇ ਨਾਲ-ਨਾਲ ਇਸਦੇ ਵਿਕਾਸ ਲਈ ਅਮਲੀ ਪੱਧਰ ‘ਤੇ ਵੀ ਅਨੇਕਾਂ ਕਦਮ ਚੁਕਣ ਦੀ ਲੋੜ ਹੈ। ਉਹਨਾਂ ਦੇ ਕਥਨ ਅਨੁਸਾਰ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਸੰਸਥਾਵਾਂ ਦੇ ਸਮਾਂਨਤਰ ਪੰਜਾਬੀ ਬੰਦੇ ਦੇ ਮਨ ਅੰਦਰ ਬਸਤੀਵਾਦੀ ਦੌਰ ਤੋਂ ਘਰ ਕਰਕੇ ਬੈਠੀ ਆਪਣੀ ਮਾਂ-ਬੋਲੀ ਲਈ ਹੀਣ-ਭਾਵਨਾ ਦਾ ਤਿਆਗ ਬਹੁਤ ਜ਼ਰੂਰੀ ਹੈ। ਪਲੀ ਸੰਸਥਾ (PLEA) ਦੇ ਹੁਣ ਤੱਕ ਦੇ ਸਫਰ ਨੂੰ ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਧਰਤੀ ਉਪਰ ਪੰਜਾਬੀ ਭਾਸ਼ਾ ਤੇ ਬੋਲੀ ਨੂੰ ਗਲੋਬਲਲਾਈਜੇਸ਼ਨ ਕਰਨ ਦੀ ਗੱਲ ਕੀਤੀ।
ਡਾ. ਸਰਬਜੀਤ ਕੌਰ ਸੋਹਲ ਨੇ ਪੰਜਾਬੀ ਸਾਹਿਤ ਅਕਾਦਮੀ ਚੰਗੀਗੜ੍ਹ ਦੀਆਂ ਕਾਰਜਗੁਜ਼ਾਰੀਆਂ, ਪ੍ਰਾਪਤੀਆਂ ਤੇ ਭਵਿੱਖਮਈ ਮਨੋਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਵਿਗਿਆਨਕ ਪੱਖ ਅਤੇ ਤਕਨੀਕੀ ਪੱਖ ਤੋਂ ਇਕਜੁੱਟ ਹੋ ਕੇ ਕਾਰਜ ਕਰਨ ਦੀ ਗੱਲ ਕੀਤੀ। ਡਾ. ਹਰਜੋਤ ਕੌਰ ਖੈਹਿਰਾ ਨੇ ਜਿਥੇ ਕੈਨੇਡਾ ਵਿਚ ਨਵੀ ਪੀੜ੍ਹੀ ਵੱਲੋਂ ਬੋਲੀ ਜਾ ਰਹੀ ਹਾਈਬ੍ਰਿਡ ਪੰਜਾਬੀ ਦੇ ਪ੍ਰਭਾਵ ਅਤੇ ਵਿਕੀਪੀਡੀਆ ਉਪਰ ਪੰਜਾਬੀ ਭਾਸਾ ਨਾਲ ਸੰਬੰਧਿਤ ਡੇਟਾ ਦੀ ਕਮੀ ਜਿਹੇ ਪ੍ਰਸ਼ਨ ਉਠਾਏ ਉਥੇ ਡਾ. ਯਾਦਵਿੰਦਰ ਕੌਰ ਨੇ UNESCO ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬੀ ਭਾਸ਼ਾ ਦੀ ਭਵਿੱਖਮਈ ਹੋਂਦ ਸੰਬੰਧੀ ਦਰਸਾਏ ਖਦਸਿਆਂ ਬਾਰੇ ਵਿਦਵਾਨਾਂ ਦੀ ਦੂਰ-ਅੰਦੇਸ਼ਤਾ ਅਤੇ ਪੰਜਾਬੀ ਭਾਸ਼ਾ ਦਾ ਰੁਜਗਾਰ ਦੀ ਭਾਸ਼ਾ ਨਾਲ ਮਿਲਾਣ ਕਰਕੇ ਦੇਖਣ ਸਦਕਾ ਪੰਜਾਬੀ ਬੰਦੇ ਦੀ ਮਾਨਸਿਕਤਾ ਵਿੱਚ ਪੰਜਾਬੀ ਜੁਬਾਨ ਲਈ ਘਰ ਕੇ ਬੈਠੀ ਹੀਣ-ਭਾਵਨਾ ਜਿਹੇ ਨੁਕਤਿਆਂ ਨੂੰ ਕੇਂਦਰਿਤ ਕੀਤਾ।
ਸੈਮੀਨਾਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਐੱਚ.ਐੱਮ.ਵੀ. ਕਾਲਜ ਜਲੰਧਰ, ਦਿਆਲ ਸਿੰਘ ਕਾਲਜ ਦਿੱਲੀ, ਸਰਕਾਰੀ ਕਾਲਜ ਟਾਂਡਾ, ਟ੍ਰੀਨਿਟੀ ਕਾਲਜ ਜਲ਼ੰਧਰ, ਮੋਦੀ ਕਾਲਜ ਪਟਿਆਲਾ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹਨਾਂ ਵਿਚੋਂ ਡਾ. ਇਕਬਾਲ ਸੋਮੀਆ, ਡਾ. ਵੀਰਪਾਲ ਕੌਰ, ਆਰਤੀ, ਹਰਜਿੰਦਰ ਸਿੰਘ, ਸਾਧੂ ਸਿੰਘ, ਡਾ. ਰਾਜਵਿੰਦਰ ਕੌਰ, ਡਾ. ਮਨਪ੍ਰੀਤ ਧਾਲੀਵਾਲ, ਡਾ. ਸੰਦੀਪ ਕੌਰ, ਡਾ. ਗੁਰਪ੍ਰੀਤ ਕੌਰ, ਨਵਦੀਪ ਵਾਹਲਾ, ਲਖਵਿੰਦਰ, ਮਹਿਲ ਸਿੰਘ, ਮਹਿੰਦਰਪਾਲ ਸਿੰਘ ਪਾਲ, ਵੀਨਾ ਅਰੋੜਾ ਆਦਿ ਨੇ ਮੁੱਖ ਬੁਲਾਰਿਆਂ ਨਾਲ ਭਾਸ਼ਾਈ ਮੁੱਦਿਆਂ ਉਪਰ ਸੰਵਾਦ ਵੀ ਰਚਾਇਆ।
ਅੰਗਰੇਜ਼ ਬਰਾੜ ਅਤੇ ਜਰਨੈਲ ਸਿੰਘ ਸੇਖਾ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਮੰਚ ਵੱਲੋਂ ਯਕੀਨ ਦਿਵਾਇਆ ਕਿ ਇਹ ਮੰਚ ਇਸੇ ਲਗਨ ਨਾਲ ਸੈਮੀਨਾਰ ਅਤੇ ਗੋਸ਼ਟੀਆਂ ਉਲੀਕਦਾ ਰਹੇਗਾ। ਮੰਚ ਦਾ ਸੰਚਾਲਨ ਡਾ. ਹਰਜੋਤ ਕੌਰ ਖੈਹਿਰਾ ਅਤੇ ਡਾ. ਯਾਦਵਿੰਦਰ ਕੌਰ ਨੇ ਕੀਤਾ।
Leave a Comment
Your email address will not be published. Required fields are marked with *