ਮੇਰੀ ਕਵਿਤਾ ਵਿਚਲੀ ਸੰਵੇਦਨਾ ਮੇਰੀ ਮਾਂ ਦੀ ਬਖਸ਼ਿਸ਼ ਹੈ- ਦਰਸ਼ਨ ਬੁੱਟਰ
ਸਰੀ, 14 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਨਾਮਵਰ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਵੈਨਕੂਵਰ ਖੇਤਰ ਦੀਆਂ ਅਹਿਮ ਸਾਹਿਤਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਦਰਸ਼ਨ ਬੁੱਟਰ ਬਾਰੇ ਕੁਝ ਸ਼ਬਦ ਕਹਿੰਦਿਆਂ ਉਨ੍ਹਾਂ ਦੇ ਬਹੁਤ ਹੀ ਕਰੀਬੀ ਦੋਸਤ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਕਿਹਾ ਕਿ ਦਰਸ਼ਨ ਬੁੱਟਰ ਦੀ ਕਵਿਤਾ ਨੂੰ ਉਹਨਾ ਲਗਾਤਾਰ ਵਿਕਸਤ ਹੁੰਦੇ ਅਤੇ ਪਰਪੱਕਤਾ ਦੀ ਪੌੜੀ ਚੜ੍ਹਦਿਆਂ ਦੇਖਿਆ ਹੈ। ਇਹਨਾਂ ਦੀ ਕਵਿਤਾ ਦੀ ਵਿਲੱਖਣ ਖੂਬਸੂਰਤੀ ਇਹ ਹੈ ਕਿ ਇਹਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਸਤਰਾਂ ਦੀਆਂ ਕਵਿਤਾਵਾਂ ਵੀ ਹਨ ਤੇ ਤਿੰਨ ਤਿੰਨ ਚਾਰ ਚਾਰ ਸਫਿਆਂ ਦੀਆਂ ਕਵਿਤਾਵਾਂ ਵੀ। ਇਹਨਾਂ ਨੂੰ ਕਈ ਵਾਰ ‘ਛੋਟੀ ਕਵਿਤਾ ਦਾ ਵੱਡਾ ਕਵੀ’ ਵੀ ਕਿਹਾ ਜਾਂਦਾ ਹੈ ਜਦੋਂ ਕਿ ਇਹਨਾਂ ਨੂੰ ਛੋਟੀ ਕਵਿਤਾ, ਵੱਡੀ ਕਵਿਤਾ ਅਤੇ ਹਰ ਤਰ੍ਹਾਂ ਦੀ ਕਵਿਤਾ ਉੱਪਰ ਆਬੂਰ ਹਾਸਲ ਹੈ। ਇਹਨਾਂ ਨੇ ਬੜੇ ਖੂਬਸੂਰਤ ਗੀਤ ਵੀ ਲਿਖੇ ਹਨ ‘ਮਹਾਂ ਕੰਬਣੀ’ ਇਹਨਾਂ ਦੀ ਵਿਲੱਖਣ, ਬਹੁਤ ਹੀ ਫਿਲਾਸਫਾਨਾ ਅਤੇ ਜ਼ਿੰਦਗੀ ਦੇ ਮਸਲਿਆਂ ਨੂੰ ਬਹੁਤ ਹੀ ਨੇੜਿਓਂ ਛੂੰਹਦੀ ਕਾਵਿਕ ਰਚਨਾ ਹੈ ਅਤੇ ਇਸ ਉੱਪਰ ਇਹਨਾਂ ਨੂੰ ਸਾਹਿਤ ਅਕਾਦਮੀ ਦਾ ਅਵਾਰਡ ਵੀ ਮਿਲਿਆ ਹੈ। ਇਹਨਾਂ ਦੀ ਹਰ ਕਿਤਾਬ ਦਾ ਰੰਗ ਪਹਿਲੀ ਕਵਿਤਾ ਦੇ ਰੰਗ ਨਾਲੋਂ ਵੱਖਰਾ ਹੁੰਦਾ ਹੈ। ਇਹਨਾਂ ਦੀ ਅਖੀਰਲੀ ਕਿਤਾਬ ‘ਅੱਕਾਂ ਦੀ ਕਵਿਤਾ’ ਵਿੱਚ ਆਮ, ਭੋਲੇ-ਭਾਲੇ ਅਤੇ ਵਿਸਰ ਰਹੇ ਪੇਂਡੂ ਕਿਰਦਾਰਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਚਿਤਰਿਆ ਗਿਆ ਹੈ। ‘ਗੰਠੜੀ’ ਇਹਨਾਂ ਦੀਆਂ ਪਿਛਲੀਆਂ ਸਾਰੀਆਂ ਕਿਤਾਬਾਂ ‘ਚੋਂ ਲਈਆਂ ਥੋੜ੍ਹੀਆਂ ਥੋੜ੍ਹੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹਨਾਂ ਨੂੰ ਇਹ ਮਾਣ ਵੀ ਹਾਸਲ ਹੈ ਕਿ ਪੰਜਾਬੀ ਕਵੀਆਂ ਵਿੱਚੋਂ ਇਹਨਾਂ ਦੀਆਂ ਕਿਤਾਬਾਂ ਉੱਪਰ ਸਭ ਤੋਂ ਵੱਧ ਵਿਦਿਆਰਥੀਆਂ ਨੇ ਐਮ.ਫਿਲ ਅਤੇ ਪੀਐਚਡੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਵਿਤਾ ਰਚਨ ਦੇ ਨਾਲ ਨਾਲ ਕਮਾਲ ਹੈ ਕਿ ਜਥੇਬੰਦਕ ਕਾਰਜਾਂ ਵਿੱਚ ਵੀ ਦਰਸ਼ਨ ਬੁੱਟਰ ਦਾ ਕੋਈ ਸਾਨੀ ਨਹੀਂ ਅਤੇ ਇਸ ਦੀ ਬਦੌਲਤ ਹੀ ਇਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦੂਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ। ਇਹ ਵੀ ਇਹਨਾਂ ਦੀ ਸਿਫਤ ਇਕ ਹੈ ਕਿ ਇਹ ਸਾਹਿਤਿਕ ਕਾਰਜਾਂ ਦੇ ਨਾਲ ਨਾਲ ਜਥੇਬੰਦਕ ਕਾਰਜਾਂ ਨੂੰ ਵੀ ਬਾਖੂਬੀ ਨਿਭਾਈ ਜਾ ਰਹੇ ਹਨ। ਇਹਨਾਂ ਦਾ ਸਭ ਤੋਂ ਵਿਲੱਖਣ ਕਾਰਜ ਇਹ ਹੈ ਕਿ ਪਿਛਲੇ 25 ਸਾਲ ਤੋਂ ਨਾਭਾ ਵਿਖੇ ‘ਕਵਿਤਾ ਉਤਸਵ’ ਕਰਵਾ ਰਹੇ ਹਨ ਜਿਸ ਵਿਚ ਪੰਜਾਬ ਅਤੇ ਦੇਸ –ਵਿਦੇਸ਼ ਤੋਂ ਹਰ ਸਾਲ 150 ਦੇ ਕਰੀਬ ਕਵੀ ਸ਼ਾਮਲ ਹੁੰਦੇ ਹਨ ਅਤੇ ਆਪਣੀਆਂ ਕਵਿਤਾਵਾਂ ਪੜ੍ਹਦੇ ਹਨ। ਉੱਥੇ ਸਾਰਾ ਦਿਨ ਨਿਰੋਲ ਕਵਿਤਾ ਦਾ ਦਰਿਆ ਵਗਦਾ ਹੈ।
ਦਰਸ਼ਨ ਬੁੱਟਰ ਨੇ ਆਪਣੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਦਸਦਿਆਂ ਕਿਹਾ ਕਿ ‘ਮੇਰੀ ਮਾਂ ਊੜੇ ਦੀ ਉਂਗਲ ਫੜਾ ਕੇ ਤੁਰ ਗਈ ਸੀ, ਉਸ ਦਾ ਚਿਹਰਾ ਵੀ ਮੈਨੂੰ ਯਾਦ ਨਹੀਂ ਪਰ ਉਹਦੇ ਠੂਠੀ ‘ਚ ਰਗੜ ਕੇ ਪਾਏ ਹੋਏ ਸੁਰਮੇ ਦੀ ਰੜਕ ਅੱਜ ਤੱਕ ਮੇਰੀਆਂ ਅੱਖਾਂ ‘ਚ ਹੈ। ਮੇਰੀ ਕਵਿਤਾ ਵਿਚ ਮਾੜੀ ਮੋਟੀ ਕੋਈ ਸੰਵੇਦਨਾ ਹੈ, ਸਲੀਕਾ ਹੈ ਤਾਂ ਉਹ ਮੈਨੂੰ ਮੇਰੀ ਮਾਂ ਦੀ ਬਖਸ਼ਿਸ਼ ਲੱਗਦਾ ਹੈ। ਮੇਰੇ ਪਿਤਾ ਵੀ ਕਵਿਤਾ ਲਿਖਦੇ ਸਨ। ਉਨ੍ਹਾਂ ਦੀ ਸਟੇਜ ਦੀ ਕਵਿਤਾ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹੌਲੀ ਹੌਲੀ ਮੈਂ ਵੀ ਮਾੜੀ ਮੋਟੀ ਕਵਿਤਾ ਝਰੀਟਣ ਲੱਗ ਪਿਆ। ਮੈਂ ਦਰਅਸਲ ਇੱਕ ਨਿੱਕੇ ਜਿਹੇ ਪਿੰਡ ਦੇ ਨਿੱਕੇ ਜਿਹੇ ਕਿਸਾਨ ਦਾ ਪੁੱਤ ਅੱਖਰਾਂ ਦੀ ਅਰਾਧਨਾ ਕਰਦਾ ਕਰਦਾ ਇੱਥੋਂ ਤੱਕ ਪਹੁੰਚਿਆ ਹਾਂ। ਰਿਸ਼ਤਿਆਂ ਦੀ ਘਾਟ ਨੇ ਹੀ ਮੈਨੂੰ ਕਵਿਤਾ ਲਿਖਣ ਲਾਇਆ ਹੈ’।
ਆਪਣੀ ਕਲਮ ਸਾਧਨਾ ਨੂੰ ਕਾਵਿਕ ਰੰਗ ਵਿਚ ਪੇਸ਼ ਕਰਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ‘ਮੈਂ ਜ਼ਿੰਦਗੀ ਦੇ ਲੰਮੇ ਸਹਿਰਾਅ ‘ਚੋਂ ਕੁਝ ਕਣ ਸਾਂਭੇ ਨੇ, ਰੰਗਾਂ ਦੇ ਅਥਾਹ ਸਮੁੰਦਰ ‘ਚੋਂ ਕੁਝ ਲਹਿਰਾਂ ਫੜੀਆਂ ਨੇ, ਸ਼ਬਦਾਂ ਦੀ ਕਿਣਮਿਣ ‘ਚ ਪਪੀਹੇ ਵਾਂਗ ਕੁੱਝ ਬੂੰਦਾਂ ਚੱਖੀਆਂ ਨੇ, ਖ਼ੁਦੀ ਤੋਂ ਨਾਬਰ ਹੋ ਬੇਖ਼ੁਦੀ ਦੀ ਇਬਾਰਤ ਲਿਖੀ ਏ, ਅੰਨ੍ਹੀ ਗੁਫ਼ਾ ‘ਚੋਂ ਟਟਹਿਣੇ ਫੜ੍ਹ ਰਾਤ ਦੇ ਕੇਸਾਂ ‘ਚ ਜੜੇ ਨੇ, ਟਿਕ ਟਿਕ ਕਰਦੀਆਂ ਘੜੀਆਂ ਦੀ ਰਫ਼ਤਾਰ ‘ਚੋਂ ਚੰਦ ਧੜਕਣਾਂ ਕਸ਼ੀਦੀਆਂ ਨੇ, ਭੁੱਬਲ ਵਿੱਚੋਂ ਚੁਟਕੀ ਕੁ ਭਬੂਤੀ ਕੋਰੇ ਪੰਨਿਆਂ ‘ਤੇ ਜਗਾਈ ਹੈ’। ‘ਇਹ ਸੰਸਾਰ ਤਾਂ ਬਹੁਤ ਵੱਡਾ ਹੈ, ਬਹੁਤ ਵੱਡੇ ਲੇਖਕ ਨੇ, ਬਹੁਤ ਵੱਡੇ ਫਿਲਾਸਫਰ ਨੇ, ਬਹੁਤ ਵੱਡੇ ਚਿੰਤਕ ਬੈਠੇ ਹਨ, ਅਸੀਂ ਤਾਂ ਇਕ ਕਣੀ ਹਾਂ’।
ਦਰਸ਼ਨ ਬੁੱਟਰ ਨੇ ਆਪਣੀਆਂ ਕਾਵਿ ਪੁਸਤਕਾਂ ‘ਔੜ ਦੇ ਬੱਦਲ’, ‘ਸਲ੍ਹਾਬੀ ਹਵਾ’, ‘ਸ਼ਬਦ. ਸ਼ਹਿਰ ਤੇ ਰੇਤ’, ‘ਖੜਾਵਾਂ’, ‘ਦਰਦ ਮਜੀਠੀ’, ‘ਮਹਾਂ ਕੰਬਣੀ’ ਅਤੇ ‘ਅੱਕਾਂ ਦੀ ਕਵਿਤਾ’ ਵਿਚਲੀਆਂ ਰਚਨਾਵਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਪੁਸਤਕਾਂ ਵਿਚਲੀਆਂ ਬਹੁਤ ਹੀ ਭਾਵਪੂਰਤ ਰਚਨਾਵਾਂ ਦੇ ਵੱਖ ਵੱਖ ਕਾਵਿਕ ਰੰਗਾਂ ਦੀ ਖੁਸ਼ਬੂ ਨਾਲ ਸਮੁੱਚਾ ਮਾਹੌਲ ਮਹਿਕਾਅ ਦਿੱਤਾ।
ਪ੍ਰੋਗਰਾਮ ਦੇ ਆਗਾਜ਼ ਵਿਚ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਵਿਸ਼ੇਸ਼ ਤੌਰ ‘ਤੇ ਦਰਸ਼ਨ ਬੁੱਟਰ ਦੀ ਆਮਦ ਨੂੰ ਮੰਚ ਦਾ ਸੁਭਾਗ ਆਖਿਆ। ਮੰਚ ਦਾ ਸੰਚਾਲਨ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕੀਤਾ। ਅੰਗਰੇਜ਼ ਬਰਾੜ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਸੁਰਜੀਤ ਕਲਸੀ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਭੁਪਿੰਦਰ ਮੱਲ੍ਹੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਹਰਿੰਦਰਜੀਤ ਸੰਧੂ, ਅਮਨ ਸੀ ਸਿੰਘ, ਡਾ. ਸ਼ਬਨਮ ਮੱਲ੍ਹੀ, ਅਸ਼ੋਕ ਭਾਰਗਵ, ਪ੍ਰੋ. ਅਵਤਾਰ ਵਿਰਦੀ, ਨਵਲਪ੍ਰੀਤ ਰੰਗੀ, ਮਹਿੰਦਰਪਾਲ ਸਿੰਘ ਪਾਲ ਅਤੇ ਕੁਲਦੀਪ ਸਿੰਘ ਬਾਸੀ ਸ਼ਾਮਲ ਸਨ।
Leave a Comment
Your email address will not be published. Required fields are marked with *