ਦਸਤਾਰ ਸਜਾਉਣ ’ਚ ਮਨਪ੍ਰੀਤ ਸਿੰਘ ਦਾ ਪਹਿਲਾ ਅਤੇ ਦੁਮਾਲਾ ਸਜਾਉਣ ’ਚ ਕਰਮਨਜੋਤ ਕੌਰ ਦਾ ਦੂਜਾ ਸਥਾਨ
ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਡਾਇਰੈਕਟਰ/ਪਿ੍ਰੰਸੀਪਲ ਸ਼੍ਰੀ ਧਵਨ ਕੁਮਾਰ ਦੀ ਅਗਵਾਈ ਹੇਠ ਐੱਸ.ਬੀ.ਆਰ.ਐੱਸ. ਗੁਰੂਕਲ ਸਕੂਲ ਵਿਖੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਸਕੂਲਾਂ ’ਚੋਂ 150 ਦੇ ਕਰੀਬ ਵਿਦਿਆਰਥੀ ਪਹੁੰਚੇ ਸਨ। ਮੁਕਾਬਲੇ ਤੋਂ ਪਹਿਲਾਂ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਵਲੋਂ ਸਵੇਰ ਦੀ ਪ੍ਰਾਰਥਨਾ ਕੀਤੀ ਗਈ, ਜਿਸ ’ਚ ਵਿਦਿਆਰਥੀਆਂ ਵਲੋਂ ਸ਼ਬਦ ਅਤੇ ਧਾਰਮਿਕ ਗੀਤ ਪੇਸ਼ ਕੀਤੇ ਗਏ। ਸਕੂਲ ਦੇ ਗੁਰਮਤਿ ਸਿੱਖਿਆ ਦੇ ਅਧਿਆਪਕ ਲਵਪ੍ਰੀਤ ਸਿੰਘ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਦਸਤਾਰਬੰਦੀ ਮੁਕਾਬਲੇ ਨੂੰ ਦੋ ਭਾਗਾਂ ’ਚ ਵੰਡਿਆ ਗਿਆ। ਸ਼੍ਰੇਣੀ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਮੁਕਾਬਲੇ ’ਚੋਂ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ ਨੇ ਪਹਿਲਾ, ਸਰਤਾਜ ਸਿੰਘ ਡੀ.ਐੱਨ. ਮਾਡਲ ਸਕੂਲ ਮੋਗਾ ਨੇ ਦੂਜਾ, ਅਨਮੋਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ ਨੇ ਤੀਜਾ, ਸ਼੍ਰੇਣੀ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਦੇ ਮੁਕਾਬਲੇ ’ਚ ਸੁਖਕੀਰਤ ਸਿੰਘ ਡੀ.ਐੱਨ. ਮਾਡਲ ਸਕੂਲ ਨੇ ਪਹਿਲਾ, ਤਰਨਜੋਤ ਸਿੰਘ ਐੱਸ.ਬੀ.ਆਰ.ਐੱਸ. ਗੁਰੂਕੁਲ ਨੇ ਦੂਜਾ ਅਤੇ ਜਸਮੀਤ ਸਿੰਘ ਗੌਰਮਿੰਟ ਸਕੂਲ ਕੋਕਰੀ ਕਲਾਂ ਨੇ ਤੀਜਾ, ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲੇ ’ਚ ਕਰਮਨਜੋਤ ਕੌਰ ਐੱਸ.ਬੀ.ਆਰ.ਐੱਸ. ਗੁਰੂਕੁਲ ਨੇ ਪਹਿਲਾ, ਸੁਖਮਨਜੋਤ ਕੌਰ ਨੇ ਤੀਜਾ, ਜਪਜੀਤ ਕੌਰ ਡੀ.ਐਨ. ਮਾਡਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਵਿਦਿਆਰਥੀ/ਵਿਦਿਆਰਥਣਾ ਨੂੰ ਸਿਰੋਪਾਓ, ਸਨਮਾਨ ਚਿੰਨ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜਸਵਿੰਦਰ ਸਿੰਘ, ਹਰਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਨਿਖਿਲ ਕੁਮਾਰ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ। ਵਿਦਿਆਰਥੀਆਂ ਨਾਲ ਆਏ ਹੋਏ ਅਧਿਆਪਕਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੇ ਦੂਜੇ ਸਕੂਲਾਂ ਤੋਂ ਆਏ ਹੋਏ ਸਾਰੇ ਵਿਦਿਆਰਥੀਆਂ ਦੇ ਅਧਿਆਪਕਾਂ ਦਾ ਉਕਤ ਮੁਕਾਬਲੇ ਨੂੰ ਸਫਲ ਬਣਾਉਣ ’ਚ ਆਪਣਾ ਯੋਗਦਾਨ ਦੇਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਭਵਿੱਖ ’ਚ ਵੀ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਸਿੱਖੀ ਵਿਰਸੇ ਨਾਲ ਜੋੜਨ ਲਈ ਇਸ ਤਰਾਂ ਦੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ।
Leave a Comment
Your email address will not be published. Required fields are marked with *