ਲੁਧਿਆਣਾਃ 22 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਦੀ ਲਹਿਰ ਆਰੰਭ ਕਰਨ ਵਾਲੇ ਕਰਮਯੋਗੀ ਤੇ ਸਿਰਕੱਢ ਸਿਆਸਤਦਾਨ ਸਃ ਜਗਦੇਵ ਸਿੰਘ ਜੱਸੋਵਾਲ ਬਾਨੀ ਚੇਅਰਮੈਨ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ,ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸਃ ਅਮਰਿੰਦਰ ਸਿੰਘ ਜੱਸੋਵਾਲ ਜਨਰਲ ਸਕੱਤਰ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ ਤੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਸਮੇਤ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਸ਼ਹੀਦ ਭਗਤ ਸਿੰਘ ਨਗਰ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਕ ਕ ਬਾਵਾ ਨੇ ਕਿਹਾ ਕਿ ਸਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਉਨ੍ਹਾਂ ਸਿਆਸਤ ਦੇ ਨਾਲ ਨਾਲ ਵਿਰਸਾ ਸੰਭਾਲ ਤੇ ਪੰਜਾਬ ਦੇ ਸੱਭਿਆਚਾਰਕ ਵਿਕਾਸ ਦਾ ਪਾਠ ਪੜ੍ਹਾਇਆ। ਉਹ ਆਪ ਡਬਲ ਪੋਸਟ ਗਰੈਜੂਏਟ ਹੋਣ ਤੋਂ ਇਲਾਵਾ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਲਾਅ ਪਾਸ ਗੋਲਡ ਮੈਡਲਿਸਟ ਸਨ। ਦੇਸ਼ ਵਿੱਚ ਪਹਿਲੀ ਵਾਰ 1967 ਵਿੱਚ ਗੈਰ ਕਾਂਗਰਸੀ ਯੂਨਾਈਟਿਡ ਸਰਕਾਰ ਬਣਾਉਣ ਦੇ ਉਹ ਮੁੱਖ ਯੋਜਨਾਕਾਰ ਸਨ। ਜਸਟਿਸ ਗੁਰਨਾਮ ਸਿੰਘ ਦੇ ਸਿਆਸੀ ਸਲਾਹਕਾਰ ਵਜੋਂ ਉਨ੍ਹਾਂ ਪੇਂਡੂ ਵਿਕਾਸ ਲਈ ਲਿੰਕ ਸੜਕਾਂ ਉਸਾਰਨ ਦਾ ਵਿਚਾਰ ਦੇ ਕੇ ਪੇਂਡੂ ਵਿਕਾਸ ਦਾ ਮੁੱਢ ਬੰਨ੍ਹਿਆ। 1980 ਵਿੱਚ ਰਾਏਕੋਟ ਤੋਂ ਵਿਧਾਇਕ ਬਣ ਕੇ ਉਨ੍ਹਾਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬੱਸੀਆਂ ਕੋਠੀ ਦੀ ਸੰਭਾਲ ਬਾਰੇ ਵਿਚਾਰ ਗੋਸ਼ਟੀਆਂ ਤੇ ਵਿਰਾਸਤੀ ਮੇਲੇ ਕਰਕੇ ਲੋਕਾਂ ਨੂੰ ਇਸ ਸਥਾਨ ਦੀ ਅਹਿਮੀਅਤ ਬਾਰੇ ਸੁਚੇਤ ਕੀਤਾ।
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਃ ਜਗਦੇਵ ਸਿੰਘ ਜੱਸੋਵਾਲ ਨੇ 30 ਅਪਰੈਲ 1935 ਨੇ 22 ਦਸੰਬਰ 2014 ਦੇ ਜੀਵਨ ਕਾਲ ਦੌਰਾਨ ਅਨੇਕਾਂ ਵੱਡੇ ਕਾਰਜ ਕੀਤੇ। ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਉਹ ਇਸ ਦੇ ਬਾਨੀ ਚੇਅਰਮੈਨ ਬਣੇ।
ਪਿਤਾ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਅਤੇ ਮਾਤਾ ਅਮਰ ਕੌਰ ਦੇ ਪੰਜ ਪੁੱਤਰਾਂ ਵਿੱਚੋਂ ਵਿਚਕਾਰਲੇ ਸਃ ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਸੰਗਰਾਮ ਬਾਰੇ ਨਿੰਦਰ ਘੁਗਿਆਣਵੀ ਨੇ ਯਾਦਾਂ ਆਧਾਰਿਤ ਕਈ ਕਿਤਾਬਾਂ ਲਿਖੀਆਂ ਹਨ।
ਜਿੰਨ੍ਹਾਂ ਵਿੱਚੋਂ ਬਾਪੂ ਖੁਸ਼ ਹੈ ਪ੍ਰਮੁੱਖ ਹੈ।
ਇਕਬਾਲ ਮਾਹਲ ਨੇ “ਹਨੇਰੀਆਂ ਰਾਤਾਂ ਦਾ ਜੁਗਨੂੰ” ਟੈਲੀ ਫਿਲਮ ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬਣਾਈ ਹੋਈ ਹੈ।
ਪਾਲਮ ਵਿਹਾਰ ਪੱਖੋਵਾਲ ਰੋਡ ਲੁਧਿਆਣਾ ਵਿੱਚ ਪੰਜਾਬੀ ਵਿਰਾਸਤ ਭਵਨ ਸੱਭਿਆਚਾਰਕ ਅਤੇ ਕਲਾ ਸਰਗਰਮੀਆਂ ਲਈ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਹੋਂਦ ਵਿੱਚ ਆਇਆ ਸੀ। ਇਸ ਦੀ ਉਸਾਰੀ ਲਈ ਦੋਸਤਾਂ ਨੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰਸਟ ਬਣਾਇਆ। ਪ੍ਰੋਃ ਮੋਹਨ ਸਿੰਘ ਮੇਲਾ 1978 ਚ ਆਰੰਭ ਕਰਕੇ 2014 ਤੀਕ ਚਲਾਇਆ।
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੀ ਬਗੀਚੀ ਦੇ ਹੀ ਬੂਟੇ ਹਾਂ ਜੋ ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਜਿਉਂਦੇ ਹਾਂ।
ਇਸ ਮੌਕੇ ਤ੍ਰੈਲੋਚਨ ਲੋਚੀ, ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਉਨ੍ਹਾਂ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ।
ਪੰਜਾਬੀ ਸਾਹਿੱਤ ਅਕਾਡਮੀ ਗੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਤੇ ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਸਃ ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿੱਤ ਅਕਾਡਮੀ ਦੇ ਆਜੀਵਨ ਮੈਂਬਰ ਰਹੇ ਅਤੇ ਇਥੇ ਪ੍ਰੋਃ ਮੋਹਨ ਸਿੰਘ ਮੇਲਾ ਲਾ ਕੇ ਉਨ੍ਹਾਂ ਪੂਰੇ ਵਿਸ਼ਵ ਨੂੰ ਦੱਸਿਆ ਕਿ ਸ਼ਾਇਰਾਂ ਦੀ ਯਾਦ ਵਿੱਚ ਏਡੇ ਵੱਡੇ ਵੱਡੇ ਮੇਲੇ ਲਾਏ ਜਾ ਸਕਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਃ ਮੋਹਨ ਸਿੰਘ ਦੀ ਸਮੁੱਚੀ ਰਚਨਾ ਪ੍ਰਕਾਸ਼ਿਤ ਕਰਵਾਉਣਾ ਵੀ ਉਨ੍ਹਾਂ ਦਾ ਹੀ ਉੱਦਮ ਸੀ ਜਿਸ ਦੀ ਪੈਰਵੀ ਉਹ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਃ ਪਰਗਟ ਸਿੰਘ ਗਰੇਵਾਲ ਤੋਂ ਉਹ ਕਰਵਾਉਂਦੇ ਰਹੇ।
ਇਸ ਮੌਕੇ ਸੁਰਗਵਾਸ ਹੋਏ ਵਿਸ਼ਵ ਪ੍ਰਸਿੱਧ ਪੰਜਾਬੀ ਚਿਤਰਕਾਰ ਤੇ ਲੇਖਕ ਇਮਰੋਜ਼ ਤੇ ਲੁਧਿਆਣਾ ਦੇ ਪ੍ਰਸਿੱਧ ਪੱਤਰਕਾਰ ਕੁਲਦੀਪ ਭਾਟੀਆ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸਃ ਅਮਰਿੰਦਰ ਸਿੰਘ ਜੱਸੋਵਾਲ ਨੇ ਧੰਨਵਾਦ ਦੇ ਸ਼ਬਦ ਕਹੇ।
Leave a Comment
Your email address will not be published. Required fields are marked with *