ਹਰ ਖੇਤਰ ਵਿੱਚ ਔਰਤ ਨੇ ਵੱਡਮੁੱਲਾ ਯੋਗਦਾਨ ਪਾਇਆ। ਔਰਤ ਨੇ ਖੰਡਰਾਂ ਨੂੰ ਘਰ ਬਣਾਇਆ, ਆਪਣੀ ਹਿੰਮਤ ਤੇ ਦਲੇਰੀ ਨਾਲ ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੀ ਨਹੀਂ ਬਲਕਿ ਉਸ ਤੋਂ ਵੀ ਅੱਗੇ ਨਿਕਲ ਗਈ। ਪੜ੍ਹੀ ਲਿਖੀ ਤੇ ਅੱਗੇ ਨਿਕਲ ਚੁੱਕੀ ਔਰਤ ਵੀ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ। ਫਿਰ ਵੀ ਪੇਂਡੂ ਤੇ ਗਰੀਬ ਔਰਤਾਂ ਦੀ ਦੁਰਦਸ਼ਾ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ । ਅੱਜ ਦੀ ਵੱਡੀ ਲੋੜ ਔਰਤ ਵਰਗ ਨੂੰ ਇੱਕਮੁੱਠ ਹੋਣ ਤੇ ਆਪਣੀ ਸ਼ਕਤੀ ਪਹਿਚਾਨਣ ਦੀ ਹੈ। ਕੀ ਔਰਤ ਇੰਨੀ ਬੇਸਹਾਰਾ ਤੇ ਕਮਜ਼ੋਰ ਹੈ, ਕਿ ਜਿਸ ਦਾ ਦਿਲ ਕਰੇ , ਉਸਨੂੰ ਘਰੋਂ ਚੁੱਕ ਕੇ ਲੈ ਜਾਵੇ, ਕੀ ਕਦੀ ਸੋਚਿਆ ਜਿੰਨਾ ਬੱਚੀਆਂ ਨਾਲ ਮਾੜੇ ਕਰਮ ਹੋਏ ਹੋਣਗੇ , ਉਹ ਕਿਵੇਂ ਰੋਜ਼ ਤਿਲ ਤਿਲ ਮਰਦੀਆਂ ਹੋਣਗੀਆਂ। ਔਰਤ ਦੀਆਂ ਕੁਰਬਾਨੀਆਂ ਦਾ ਮੁੱਲ ਨਸ਼ੇੜੀ ਪੁੱਤ ਉਸਨੂੰ ਘਰੋਂ ਕੱਢ ਕੇ ਪਾਉਂਦੇ ਹਨ। ਸਮੁੱਚੀ ਔਰਤ ਵਰਗ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ। ਪਾਊਡਰ, ਕਰੀਮਾਂ, ਸੈਂਡਲਾਂ , ਸਾੜੀਆਂ ਤੇ ਨਕਲੀ ਗਹਿਣਿਆਂ ਤੋਂ ਉੱਚਾ ਉੱਠ ਟੀਵੀ ਸੀਰੀਅਲ ਦੇਖ ਕੇ ਜ਼ਿੰਦਗੀ ਬਦਲਣ ਵਾਲੀ ਨਹੀਂ ਹੈ । ਆਮ ਔਰਤ ਦੀ ਸਥਿਤੀ ਤਾਂ ਦੇਖੋ ਕਿਵੇਂ ਔਰਤਾਂ ਸ਼ਰਾਬੀ ਪਤੀਆਂ ਤੇ ਪੁੱਤਾਂ ਹੱਥੋਂ ਰੋਜ ਤਾਰ ਤਾਰ ਹੁੰਦੀਆਂ ਹਨ, ਦਹੇਜ ਦੀ ਲਾਹਨਤ ਕਰਕੇ ਕਈ ਧੀਆਂ ਮਾਪਿਆਂ ਦੇ ਘਰ ਬੈਠੀਆਂ ਹਨ, ਮਾਨਸਿਕ ਪਰੇਸ਼ਾਨੀ ਚ ਔਰਤਾਂ ਬਾਬਿਆਂ ਦੇ ਚੱਕਰਾਂ ਚ ਫਸਦੀਆਂ ਹਨ। ਇੱਕ ਦਿਨ ਵਿੱਚ ਘਰ ਵਿੱਚ ਤਿੰਨ ਵਾਰ ਖਾਣਾ ਬਣਦਾ ਹੈ । ਔਰਤ ਤੋਂ ਬਿਨਾਂ ਕਲਪਨਾ ਕਰੋ ਕਿ ਦੁਨੀਆ ਕਿਹੋ ਜਿਹੀ ਹੀ ਹੋਵੇਗੀ । ਸੋ ਅਜੇ ਵੀ ਵੇਲਾ ਹੈ, ਸੰਭਲ ਜਾਓ। ਔਰਤ ਨੂੰ ਮਾਂ, ਭੈਣ , ਪਤਨੀ, ਦੇ ਰੂਪ ਵਿੱਚ ਇੱਜ਼ਤ ਦਿਵਾਓ । ਸੁਰੱਖਿਆ ਪ੍ਰਦਾਨ ਕਰੋ। ਔਰਤ ਹੀ ਬਚਪਨ ਤੋਂ ਬੁਢਾਪੇ ਤੱਕ ਹਰ ਮਨੁੱਖ ਨੂੰ ਸੰਭਾਲਦੀ ਹੈ ਉਹ ਔਰਤ ਚਾਹੇ ਮਾਂ ਹੋਵੇ, ਪਤਨੀ ਹੋਵੇ, ਭੈਣ ਹੋਵੇ, ਧੀ ਹੋਵੇ। ਸਮਾਜ ਆਧੁਨਿਕ ਕਦਰਾਂ ਕੀਮਤਾਂ ਆਪਨਾ ਰਿਹਾ ਹੈ, ਪਰ ਔਰਤਾਂ ਪ੍ਰਤੀ ਸਮਾਜਿਕ ਵਰਤਾਰਾ ਉਨਾਂ ਨੀਵਾਂ ਹੁੰਦਾ ਜਾ ਰਿਹਾ ਹੈ। ਜੇ ਔਰਤ ਸਵੈ ਹੱਕਾਂ ਲਈ ਤੇ ਰੋਟੀ ਲਈ ਸੰਘਰਸ਼ ਕਰ ਰਹੀ ਹੈ ਤਾਂ ਕਾਨੂੰਨ ਉਸ ਦੀ ਸੁਰੱਖਿਆ ਨਹੀਂ ਕਰ ਪਾਉਂਦੇ। ਔਰਤ ਪ੍ਰਤੀ ਮਰਦ ਦੀਆਂ ਨਕਾਰਾਤਮਕ ਸੋਚ ਦੀਆਂ ਜੜਾਂ ਡੂੰਘੀਆਂ ਹਨ, ਜੋ ਔਰਤ ਮਰਦ ਦੇ ਮਾਂ ਦੇ ਰੂਪ ਚ ਹੈ ਤਾਂ ਆਖਰੀ ਸਾਹਾਂ ਤੱਕ ਪੁੱਤਰ ਦੀ ਸੁੱਖ ਲੋਚਦੀ ਹੈ। ਜੇ ਭੈਣ ਦੇ ਰੂਪ ਚ ਹੈ ਤਾਂ ਸਦਾ ਹੀ ਭਾਈ ਭਤੀਜਿਆਂ ਦੇ ਵਾਰੇ ਵਾਰੇ ਜਾਂਦੀ ਹੈ, ਪਤਨੀ ਦੇ ਰੂਪ ਚ ਆਪਣਾ ਮਨ ਤਨ ਪਤੀ ਨੂੰ ਅਰਪਿਤ ਕਰਕੇ ਹਰ ਪਲ ਸੇਵਾ ਲਈ ਤਿਆਰ ਰਹਿੰਦੀ ਹੈ।ਸੱਚ ਤਾਂ ਇਹ ਹੈ ਤੇ ਮਰਦ ਨਾਲ ਬੱਝੇ ਹਰ ਰਿਸ਼ਤੇ ਚ ਉਹ ਹਮੇਸ਼ਾ ਹੀ ਮਰਦ ਦਾ ਸਤਿਕਾਰ ਕਰਦੀ ਹੈ ਪਹਾੜ ਜਿੱਡੀਆਂ ਗਲਤੀਆਂ ਨੂੰ ਵੀ ਮਾਫ਼ ਕਰ ਦਿੰਦੀ ਹੈ ਪਰ ਮਰਦ ਉਸਦੀ ਨਿੱਕੀ ਜਿਹੀ ਗਲਤੀ ਨੂੰ ਵੀ ਮਾਫ ਕਰਨਾ ਜਿਗਰਾ ਨਹੀਂ ਰੱਖਦਾ। ਮਾਮੂਲੀ ਤਕਰਾਰ ਹੋਣ ਤੇ ਵੀ ਘਰ ਛੱਡਣ ਲਈ ਕਹਿ ਦਿੰਦਾ ਹੈ ਪਰ ਔਰਤ ਦਾ ਘਰ ਕਿਹੜਾ ?
ਦਲੀਪ ਕੌਰ ਟਿਵਾਣਾ ਦਾ ਪ੍ਰਸਿੱਧ ਨਾਵਲ “ਇਹ ਹਮਾਰਾ ਜੀਵਣਾ” ਨਾਰੀ ਦੀ ਹੋਂਦ ਨੂੰ ਅਸਲੀ ਰੂਪ ਚ ਉਘਾੜਦਾ ਹੈ। ਲੋੜ ਹੈ ਔਰਤ ਸਨਮਾਨ ਸਤਿਕਾਰ ਪਾਉਣ ਲਈ ਖੁਦ ਜਾਗਰੂਕ ਹੋਵੇ । ਜ਼ੁਲਮ ਵਿਰੁੱਧ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰੇ।
ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ
Leave a Comment
Your email address will not be published. Required fields are marked with *