ਹਜ਼ਾਰਾਂ ਸੰਗਤਾਂ ਵੱਲੋਂ ਲਾਏ ਗੁਰੂ ਦੇ ਜੈਕਾਰਿਆਂ ਨਾਲ ਗੂੰਜਿਆ ਸਬਾਊਦੀਆ
ਮਿਲਾਨ, 28 ਫਰਵਰੀ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਜਦੋਂ ਹੱਕ ਅਤੇ ਸੱਚ ਦਾ ਹੋਕਾ ਦੇਣ ਵਾਲੇ ਇਨਕਲਾਬੀ ਯੋਧਿਆਂ ਨੂੰ ਮੌਕੇ ਦੀਆਂ ਹਾਕਮਧੀਰਾਂ ਵੱਲੋਂ ਸਦਾ ਵਾਸਤੇ ਚੁੱਪ ਕਰਵਾਉਣ ਲਈ ਸਜਾਏ ਮੌਤ ਦਿੱਤੀ ਜਾਂਦੀ ਸੀ,ਕੰਨਾਂ ਵਿੱਚ ਸਿੱਕਾ ਢਾਲਕੇ ਪਾਇਆ ਜਾਂਦਾ ਸੀ ਤੇ ਜੀਭ ਕੱਟ ਦਿੱਤੀ ਜਾਂਦੀ ਸੀ ਅਜਿਹੇ ਨਾਜੁਕ ਸਮੇਂ ਦੌਰਾਨ ਮਜ਼ਲੂਮਾਂ ਲਈ ਹੱਕ ਤੇ ਸਨਮਾਨ ਦਾ ਸੰਖ ਵਜਾਉਣ ਵਾਲੇ 14ਵੀਂ ਸਦੀ ਵਿੱਚ ਅਵਤਾਰ ਧਾਰਨ ਵਾਲੇ ਮਹਾਨ ਕ੍ਰਾਂਤੀਕਾਰੀ,ਇਨਕਲਾਬ ਦੇ ਮੋਢੀ,ਜੁਗ ਪਲਟਾਊ, ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਆਗਮਨ ਪੁਰਬ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ,ਸ਼ਰਧਾਂ ਅਤੇ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਹਾਜ਼ਰੀ ਭਰੀ।ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤ ਵੱਲੋਂ ਸਾਂਝੈ ਤੌਰ ਤੇ ਨਿਭਾਈ ਗਈ।ਇਸ ਪਵਿੱਤਰ ਦਿਹਾੜੇ ਮੌਕੇ 14 ਫਰਵਰੀ ਤੋਂ ਨਿੰਰਤਰ ਚੱਲ ਰਹੇ ਸ੍ਰੀ ਅੰਮ੍ਰਿਤਬਾਣੀ ਦੇ 45 ਤੋਂ ਵੱਧ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਲਹਿੰਬਰ ਹੂਸੈਨਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਉਪਦੇਸ ਤੇ ਬਾਣੀ ਦੇ ਫਲਸਫੇ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਸ਼੍ਰੀ ਦਿਪੰਕਰ ਸ਼੍ਰੀ ਵਾਸਤਵ ਉੱਚ ਅਧਿਕਾਰੀ ਭਾਰਤੀ ਅੰਬੈਂਸੀ ਰੋਮ ਨੇ ਹਾਜ਼ਰੀਨ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦੀਆਂ ਕਿਹਾ ਕਿ ਅੰਬੈਂਸੀ ਹਮੇਸ਼ਾ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਉਹਨਾਂ ਡਾਃਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਂਸੀ ਰੋਮ ਵੱਲੋਂ ਵੀ ਗੁਰਪੁਰਬ ਦੀ ਵਿਸ਼ੇਸ਼ ਵਧਾਈ ਦਿੱਤੀ।ਗੁਰਪੁਰਬ ਦੇ ਸਮਾਗਮ ਦਾ ਅਲੌਕਿਕ ਨਜ਼ਾਰਾ ਦੇਖਣ ਵਾਲਾ ਸੀ ਇੰਝ ਲੱਗਦਾ ਸੀ ਜਿਵੇਂ ਇਹ ਪੰਜਾਬ ਦੀ ਹੀ ਧਰਤੀ ਹੈ ਤੇ ਹਜ਼ਾਰਾਂ ਸੰਗਤਾਂ ਵੱਲੋਂ ਲਗਾਏ ਗੁਰੂ ਦੇ ਜੈਕਾਰੇ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ “ਨਾਲ ਸਬਾਊਦੀਆ ਗੂੰਜ ਰਿਹਾ ਸੀ।ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਆਗਮਨ ਪੁਰਬ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਸਭ ਸੰਗਤ ਦਾ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਗੁਰਪੁਰਬ ਦੀ ਵਧਾਈ ਦਿੱਤੀ ਤੇ ਸਭ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਸੁਪਨ ਸ਼ਹਿਰ ਬੇਗਮ ਪੁਰਾ ਸ਼ਹਿਰ ਕੋ ਨਾਉ ਨੂੰ ਵਸਾਉਣ ਲਈ ਅੱਗੇ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਮਾਜ ਵਿੱਚ ਅਸਲ ਇਨਕਲਾਬ ਲਿਆਉਣ ਚਾਹੁੰਦੇ ਹਾਂ ਤਾਂ ਅੱਜ ਲੋੜ ਹੈ ਸਾਨੂੰ ਗੁਰੂ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਦੀ ਤਦ ਹੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਮਕਸਦ ਸਾਰਥਕ ਹੋਵੇਗਾ।ਇਸ ਸਮਾਰੋਹ ਮੌਕੇ ਸ਼੍ਰੀ ਦਿਪੰਕਰ ਸ਼੍ਰੀ ਵਾਸਤਵ ,ਲਹਿੰਬਰ ਹੁਸੈਨਪੁਰੀ ਤੇ ਸਮੂਹ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸੇ਼ਸ ਸਨਮਾਨ ਕੀਤਾ।ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ ਅਤੁੱਟ ਵਰਤੇ।
Leave a Comment
Your email address will not be published. Required fields are marked with *