ਗਿਆਨੀ ਜ਼ੈਲ ਸਿੰਘ ਨੇ ਆਪਣੇ ਕਾਰਜ਼ਕਾਲ ਦੌਰਾਨ ਹਰ ਵਰਗ ਨੂੰ ਸਤਿਕਾਰ ਦਿੱਤਾ
ਗਿਆਨੀ ਜ਼ੈਲ ਸਿੰਘ ਨੇ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਅਤੇ ਅਮਲ ਕੀਤਾ
ਗਿਆਨੀ ਜ਼ੈਲ ਸਿੰਘ ਨੇ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਵਿਅਕਤੀ ਦਾ ਸਤਿਕਾਰ ਕੀਤਾ
ਗਿਆਨੀ ਜ਼ੈਲ ਸਿੰਘ ਨੇ ਬਤੌਰ ਮੁੱਖ ਮੰਤਰੀ,ਗਹਿ੍ਰ ਮੰਤਰੀ ਤੇ ਸਰਵਉਚ ਅਹੁੱਦੇ ਰਾਸ਼ਟਰਪਤੀ ਹੁੰਦਿਆਂ ਨਵੀਆਂ ਪਿ੍ਰਤਾਂ ਪਾਈਆਂ
ਗਿਆਨੀ ਜ਼ੈਲ ਸਿੰਘ ਨੇ ਅਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ, ਕੁਰਬਾਨੀਆਂ ਕਰਨ ਵਾਲੇ ਸੁਤੰਤਰਤਾ ਸੰਗਰਾਂਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲ ਵਿਸ਼ੇਸ ਧਿਆਨ ਦਿੱਤਾ
ਗਿਆਨੀ ਜ਼ੈਲ ਸਿੰਘ ਧਾਰਮਿਕ ਨਿਰਪੱਖਤਾ, ਮਨੁੱਖਤਾ ਨਾਲ ਪਿਆਰ, ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਲਈ ਹਮੇਸਾ ਯਤਨ ਕੀਤਾ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਅਜ਼ਾਦੀ ਤੋਂ ਲੈਕੇ ਹੁਣ ਤੱਕ ਪੰਜਾਬ ਵਿਚ 17 ਵਿਅਕਤੀਆਂ ਨੂੰ ਬਤੌਰ ਮੁੱਖ ਮੰਤਰੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਨਾਂ ਵਿਚੋਂ 15 ਅਗਸਤ 1947 ਤੋਂ ਲੈ ਕੇ 5 ਜੁਲਾਈ 1966 ਤੱਕ ਸਾਂਝੇ ਪੰਜਾਬ ਵਿਚ ਗੋਪੀ ਚੰਦ ਭਾਰਗੋ, ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋ, ਰਾਮ ਕਿ੍ਰਸ਼ਨ ਅਤੇ 1 ਨਵੰਬਰ 1966 ਤੋਂ ਲੈ ਕੇ ਹੁਣ ਤੱਕ ਗਿਆਨੀ ਗੁਰਮੱਖ ਸਿੰਘ ਮੁਸਾਫਿਰ, ਗੁਰਨਾਮ ਸਿੰਘ, ਸ ਲੱਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਮਲ ਹਨ। ਪੰਜਾਬ ਵਿਚ ਰਾਜ ਕਰਨ ਦਾ ਸਭ ਤੋਂ ਵੱਧ ਸਮਾਂ ਪੰਜ ਵਾਰ ਸ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਘੱਟ ਇੱਕੋ ਇੱਕ ਇਸਤਰੀ ਬੀਬੀ ਰਾਜਿਦਰ ਕੌਰ ਭੱਠਲ ਨੂੰ ਕੇਵਲ 2 ਮਹੀਨੇ 21 ਦਿਨ ਮਿਲੇ। ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਬਣੇ,ਪਾਰਟੀ ਦੀ ਅੰਦਰੂਨੀ ਕਸ਼ਮਕੱਸ਼ ਕਰਕੇ ਦੂਜੀ ਵਾਰੀ ਸਮਾਂ ਪੂਰਾ ਨਹੀ ਕਰ ਸਕੇ, ਉਨ੍ਹਾ ਦੀ ਥਾਂ ਸ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਜੋ ਕੇਵਲ 5 ਮਹੀਨੇ 26 ਦਿਨ ਇਸ ਅਹੁੱਦੇ ਤੇ ਰਹੇ।ਗਿਆਨੀ ਗੁਰਮੱਖ ਸਿੰਘ ਮੁਸਾਫਿਰ ਨੂੰ 4 ਮਹੀਨੇ 7 ਦਿਨ,ਸ ਲੱਛਮਣ ਸਿੰਘ ਗਿੱਲ ਨੂੰ 8 ਮਹੀਨੇ 28 ਦਿਨ,ਸ ਗੁਰਨਾਮ ਸਿੰਘ ਨੂੰ ਦੋ ਵਾਰੀਆਂ ਵਿਚ 1 ਸਾਲ 8 ਮਹੀਨੇ 27 ਦਿਨ, ਸ ਹਰਚਰਨ ਸਿੰਘ ਬਰਾੜ ਨੂੰ 1 ਸਾਲ 2 ਮਹੀਨੇ 20 ਦਿਨ,ਸ ਸੁਰਜੀਤ ਸਿੰਘ ਬਰਨਾਲਾ ਨੂੰ 1 ਸਾਲ 8 ਮਹੀਨੇ 12 ਦਿਨ ਅਤੇ ਸ ਦਰਬਾਰਾ ਸਿੰਘ ਨੂੰ 3 ਸਾਲ 4 ਮਹੀਨੇ ਰਾਜ ਕਰਨ ਦਾ ਮੌਕਾ ਮਿਲਾ। ਸ੍ਰੀ ਭਗਵੰਤ ਸਿੰਘ ਮਾਨ 16 ਮਾਰਚ 2022 ਨੂੰ ਪੰਜਾਬ ਦੇ 25ਵੇਂ ਮੁੱਖ ਮੰਤਰੀ ਬਣੇ ਹਨ। ਗਿਆਨੀ ਜ਼ੈਲ ਸਿਘ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਨਾਂ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਉਪਰੰਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੋ ਤਖ਼ਤਾਂ ਸ੍ਰੀ ਅਨੰਦਪੁਰ ਸਾਹਿਬ ਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜ੍ਹਨ ਵਾਲਾ 640 ਕਿਲੋਮੀਟਰ “ਗੁਰੂ ਗੋਬਿੰਦ ਸਿੰਘ ਮਾਰਗ” ਬਣਵਾਇਆ। ਗਿਆਨੀ ਜੀ ਨੇ ਗੋਬਿੰਦ ਸਿੰਘ ਮਾਰਗ ਬਣਾਉਣ ਤੋਂ ਪਹਿਲਾਂ ਉਸ ਵੇਲੇ ਦੇ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖੀਆਂ,ਸੰਤਾਂ,ਮਹਾਂਪੁਰਸ਼ਾ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਯਾਤਰਾ ਦੇ ਆਰੰਭ ਸਮੇਂ ਗਿਆਨੀ ਜੀ ਨੇ ਖੁੱਲੀ ਜੀਪ ਵਿਚ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਆਪਣੇ ਨਾਲ ਖੜਾ ਕੀਤਾ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਧਾਰਮਿਕ ਮਾਰਚ ਵਿਚ ਸਾਮਲ ਹੋਇਆ। 6 ਅਪ੍ਰੈਲ 1972 ਨੂੰ ਅਰੰਭ ਹੋਏ ਸੱਤ ਦਿਨਾਂ ਮਾਰਚ ਦੌਰਾਨ ਵੱਖ ਵੱਖ ਪੜਾਵਾਂ ਤੇ ਦੀਵਾਨ ਸਜੇ ਜਿੱਥੇ ਗਿਆਨੀ ਜੀ ਖ਼ੁਦ ਸਾਮਲ ਹੁੰਦੇ ਰਹੇ ਅਤੇ 13 ਅਪ੍ਰੈਲ 1972 ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤੀ ਹੋਈ। ਗਿਆਨੀ ਜ਼ੈਲ ਸਿੰਘ ਸਰਕਾਰ ਦਾ ਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਪਿਛੋਂ ਪਹਿਲਾ ਵੱਡਾ ਕਾਰਨਾਮਾ ਸੀ ਜਿਸ ਨਾਲ ਗਿਆਨੀ ਜੀ ਦੀ ਸਿੱਖ ਧਰਮ ਵਿੱਚ ਵਿਲੱਖਣ ਪਹਿਚਾਣ ਬਣ ਗਈ। ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ।
ਗਿਆਨੀ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਬਾਬਾ ਫ਼ਰੀਦ ਜੀ ਦੀ ਬਾਣੀ,
“ਫ਼ਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨ੍ਹਾਂ ਨਾ ਮਾਰੇ ਘੁੰਮ,
ਆਪਨੜੇ ਘਰ ਜਾਇਕੇ, ਪੈਰ ਤਿੰਨ੍ਹਾਂ ਦੇ ਚੁੰਮ।“
ਗਿਆਨੀ ਜੀ ਦੂਜਾ ਵੱਡਾ ਕਾਰਨਾਮਾ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ ਦੀ ਵਰੋਸਾਈ ਧਰਤੀ ਤੇ ਆਪਣੇ ਜੱਦੀ ਪਿੰਡ ਸੰਧਵਾਂ ਦੇ ਨਜ਼ਦੀਕ ਫ਼ਰੀਦਕੋਟ ਨੂੰ 7 ਅਗਸਤ 1972 ਨੂੰ ਪੰਜਾਬ ਦਾ ਬਾਰਵਾਂ ਜ਼ਿਲ੍ਹਾ ਬਣਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਉਪਰੰਤ ਮਹਾਰਾਜਾ ਫਰੀਦਕੋਟ ਸ ਹਰਿੰਦਰ ਸਿੰਘ ਬਰਾੜ ਦੇ ਕੋਲ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਬਣੇ ਹਨ। ਉਨਾਂ ਜ਼ਿਲਾ ਬਣਾਉਣ ਲਈ ਫ਼ਰੀਦਕੋਟ ਦੇ ਮਹਾਰਾਜਾ ਫ਼ਰੀਦਕੋਟ ਤੋਂ ਕਿਲ੍ਹੇ ਸਮੇਤ ਹੋਰ ਇਮਾਰਤਾਂ ਦੀ ਮੰਗ ਕੀਤੀ ਤਾਂ ਰਾਜੇ ਨੇ ਤੁਰੰਤ ਹਾਂ ਕਰ ਦਿੱਤੀ।ਇਥੇ ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਬਰਾੜ ਦੇ ਰਾਜ ਸਮੇਂ ਗਿਆਨੀ ਜੀ ਨੂੰ ਜੀਪ ਮਗਰ ਬੰਨ ਕੇ ਘੜੀਸਿਆ ਗਿਆ ਸੀ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ।ਇਥੇ ਇਹ ਜ਼ਿਕਰਯੋਗ ਹੈ ਕਿ ਗਿਆਨੀ ਜੀ ਨੇ ਆਪਣੇ ਪਿੰਡ ਦੇ ਵਸਨੀਕ ਵਿਰੋਧੀ ਧਿਰ ਦੇ ਨੇਤਾ ਸਵਰਗੀ ਸ ਜਸਵਿੰਦਰ ਸਿੰਘ ਬਰਾੜ ਸਾਬਕਾ ਮੰਤਰੀ ਨੂੰ ਭਰੋਸੇ ਵਿਚ ਲੈ ਕੇ ਜ਼ਿਲ੍ਹਾ ਬਣਾਉਣ ਦਾ ਫੈਸਲਾ ਲਿਆ। ਜ਼ਿਲੇ ਦੇ ਉਦਘਾਟਨ ਵਾਲੇ ਦਿਨ ਗਿਆਨੀ ਜੀ ਨੇ ਸ ਜਸਵਿੰਦਰ ਸਿੰਘ ਬਰਾੜ ਨੂੰ ਆਪਣੇ ਨਾਲ ਖੁੱਲੀ ਜੀਪ ਵਿਚ ਆਪਣੇ ਨਾਮ ਖੜ੍ਹਾ ਕਰ ਲਿਆ, 5 ਮਈ 1916 ਨੂੰ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦ ਕੌਰ ਦੀ ਕੁਖੋ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਵਿਖੇ ਜਨਮ ਲਿਆ ਸੀ।ਉਨਾਂ ਦਾ ਸਿੱਖ ਧਰਮ ਅਤੇ ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ। ਇਨ੍ਹਾਂ ਦਾ ਪਿਛੋਕੜ ਕਿ੍ਰਤੀ ਪ੍ਰੀਵਾਰ ਸਬੰਧਿਤ ਸੀ।
ਗਿਆਨੀ ਜੀ ਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਇਸ ਕੱਥਨ ਅਨੁਸਾਰ ਢਾਲਿਆ,
“ਫ਼ਰੀਦਾ ਸਭ ਸੇ ਹਮੁ ਬੁਰੇ, ਹਮ ਤੱਜ ਭਲਾ ਸਭ ਕੋਇ”
ਗਿਆਨੀ ਜ਼ੈਲ ਸਿੰਘ ਦੇ ਵਿਅਕਤੀਵ ਬਾਰੇ ਕੁਝ ਗਲਾਂ ਹਨ,ਉਹ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸਨ। ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ। ਉਨਾਂ ਦਾ ਵਡੱਪਣ ਇਹ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਦੇ ਸਨ। ਇਤਿਹਾਸਕ ਪੱਖ ਤੇ ਨਜ਼ਰ ਮਾਰੀਏ ਤਾਂ ਇਤਫ਼ਾਕ ਨਾਲ ਗਿਆਨੀ ਜ਼ੈਲ ਸਿੰਘ ਨੂੰ 25 ਜੁਲਾਈ 1982 ਨੂੰ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲੇ ਦੀ ਫ਼ਸੀਲ ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਉਹ ਇਸ ਅਹੁੱਦੇ ਤੇ 25 ਜੁਲਾਈ, 1987 ਤਕ ਰਹੇ। ਉਹ ਇਸ ਤੋਂ ਪਹਿਲਾ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ 1977 ਵਿਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤਕ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਹੇ। ਉਹ ਸਾਰੀ ਉਮਰ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਤੋਂ ਹਮੇਸਾ ਦੂਰ ਰੱਖਿਆ।ਆਪ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਆਪਣੇ ਇਕਲੌਤੇ ਪੁੱਤਰ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਜਿੱਥੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰੀ ਕੰਮ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਉਨਾਂ ਨੇ ਪਰਮਾਤਮਾ ਕੋਲੋ ਆਸ਼ੀਰਵਾਦ ਲਿਆ ਅਤੇ ਆਪਣੀ ਜਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ।ਗਿਆਨੀ ਜੀ ਨੇ ਮੁੱਖ ਮੰਤਰੀ ਦੀ ਰਹਾਇਸ ਲਈ ਰਾਖਵੀ ਸਰਕਾਰੀ ਕੋਠੀ ਨੰਬਰ 45 ਸੈਕਟਰ 2 ਵਿਚ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਵਾਇਆ।ਗਿਆਨੀ ਜੀ ਰੋਜ਼ਾਨਾ ਆਪਣਾ ਕੰਮ ਸੁਰੂ ਕਰਨ ਤੋਂ ਪਹਿਲਾਂ ਹੁਕਮਨਾਮਾ ਲੈਦੇ ਸਨ। ਗਿਆਨੀ ਜੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿਚੋਂ ਪਿੰਡਾਂ ਦਾ ਸੌ-ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਫ਼ਰੀਦਕੋਟ ਵਿਖੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਉਣਾ,ਜੋ ਹੁਣ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਟੀ ਬਣ ਗਈ ਹੈ, ਪੱਛੜੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਹੈ। ਗਿਆਨੀ ਜੀ ਨੇ ਜੇਲ੍ਹਾਂ ਦੇ ਸੁਧਾਰ ਲਈ ਵੀ ਵਿਸ਼ੇਸ ਧਿਆਨ ਦਿੱਤਾ।ਉਨ੍ਹਾਂ ਦੀ ਯਾਦ ਵਿਚ ਫ਼ਰੀਦਕੋਟ ਦੀ ਪੁਰਾਣੀ ਜੇਲ੍ਹ ਵਾਲੀ ਥਾਂ ਤੇ ਯਾਦਗਾਰ ਕਾਇਮ ਕੀਤੀ ਗਈ ਹੈ,ਜਿੱਥੇ ਉਨਾਂ ਜੇਲ੍ਹ ਕੱਟੀ ਸੀ। ਗਿਆਨੀ ਜੀ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਦੀਆਂ ਗਈਆਂ ਤੇ ਉਨਾ੍ਹ ਦਾ ਸੁਨਾਮ ਵਿਖੇ ਸੰਸਕਾਰ ਕਰਕੇ ਯਾਦਗਾਰ ਕਾਇਮ ਕੀਤੀ ਗਈ। ਮਲੇਰਕੋਟਲਾ ਵਿਖੇ ਕੂਕਿਆਂ (ਨਾਮਧਾਰੀਆਂ)ਦੀ ਸਹੀਦੀ ਵਾਲੀ ਥਾਂ ਤੇ ਯਾਦਗਾਰ ਕਾਇਮ ਕਰਨਾ,ਢੁੱਡੀਕੇ ਵਿਖੇ ਲਾਲਾ ਲਾਜਪੱਤ ਰਾਏ ਤੇ ਗੱਦਰੀ ਬਾਬਿਆਂ ਦੀ ਯਾਦਗਾਰ ਬਣਾਉਣਾ ਇਤਿਹਾਸਕ ਫੈਸਲੇ ਸਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਹੁਸੈਨੀਵਾਲਾ ਵਿਖੇ ਯਾਦਗਾਰ ਬਣਵਾਈ। ਗਿਆਨੀ ਜੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨੂੰ ਸੀਸ ਝੁਕਾਦਿਆਂ ਉਸ ਦੀ ਮਾਤਾ ਸ੍ਰੀਮਤੀ ਵਿੱਦਿਆਵਤੀ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ।ਉਹਨਾਂ ਦੀ ਮੌਤ ਉਪਰੰਤ ਅੰਤਮ ਸੰਸਕਾਰ ਵੀ ਸਰਕਾਰੀ ਸਨਮਾਨਾਂ ਹੁਸੈਨੀਵਾਲਾ ਵਿਖੇ ਕਰਕੇ ਯਾਦਗਾਰ ਕਾਇਮ ਕੀਤੀ।ਕੇਂਦਰ ਸਰਕਾਰ ਵਲੋਂ ਸੁਤੰਤਰਤਾ ਸੰਗਰਾਮੀਆਂ ਨੂੰ ਸਨਮਾਨ ਲਈ “ਤਾਮਰ ਪੱਤਰ ਤੇ ਪੈਨਸ਼ਨਾਂ” ਦੇਣ ਦੀ ਸਕੀਮ ਤਿਆਰ ਕਰਨ ਵਿਚ ਗਿਆਨੀ ਜੀ ਦਾ ਵਿਸ਼ੇਸ ਯੋਗਦਾਨ ਸੀ ਕਿਉਕਿ ਉਹ ਖ਼ੁਦ ਪਰਜਾਮੰਡਲ ਲਹਿਰ ਵਿੱਚ ਸਰਗਰਮ ਰਹੇ ਸਨ। ਗਿਆਨੀ ਜੀ ਵਲੋਂ ਸੁਤੰਤਰਤਾ ਸੰਗਰਾਮ ਲਈ ਕੀਤੀਆਂ ਕੁਰਬਾਨੀਆਂ ਸਦਕਾ ਉਹ ਹਮੇਸਾ ਸੁਤੰਤਰਤਾ ਸੰਗਰਾਮੀਆਂ ਦੀ ਮਦੱਦ ਨੂੰ ਪਹਿਲ ਦਿੰਦੇ ਸਨ ਭਾਂਵੇ ਉਹ ਕਿਸੇ ਵੀ ਅਹੁੱਦੇ ਤੇ ਰਹੇ। ਉਨਾਂ ਦੇ ਪੁਰਾਣੇ ਸਾਥੀ ਅੱਜ ਵੀ ਉਨ੍ਹਾਂ ਦੀ ਮਿੱਤਰਤਾ ਦੀਆਂ ਕਹਾਣੀਆਂ ਫ਼ਖ਼ਰ ਨਾਲ ਸੁਣਾਉਦੇ ਹਨ। ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ‘ਤੇ ਵੀ ਡੋਲਦੇ ਨਹੀ ਸਨ। ਚਾਹੇ ਮੋਗਾ ਗੋਲੀ ਕਾਂਡ ਹੋਵੇ,ਚਾਹੇ ਨਕਸਲਵਾੜੀ ਲਹਿਰ ਹੋਵੇ, ਚਾਹੇ ਐਮਰਜੈਂਸੀ ਦਾ ਸਮਾਂ ਹੋਵੇ, ਚਾਹੇ ਨੀਲਾ ਸਾਕਾ ਤਾਰਾ ਜਾਂ ਹੋਰ ਕੋਈ ਹਾਲਾਤ ਹੋਣ। ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲਦੀ। ਗਿਆਨੀ ਜੀ ਨੇ ਰਾਜਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕੋਈ ਕਾਰਵਾਈ ਕਰਨ ਬਾਰੇ ਕਦੇ ਵੀ ਨਹੀਂ ਸੀ ਸੋਚਿਆ।ਗਿਆਨੀ ਜੀ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੇ ਕਈ ਨੇਤਾ ਆਪਣਾ ਸਿਆਸੀ ਗੁਰੂ ਸਮਝਦੇ ਸਨ ਤੇ ਲੋੜ੍ਹ ਪੈਣ ਤੇ ਸਲਾਹ ਵੀ ਲੈਂਦੇ ਸਨ। ਗਿਆਨੀ ਜੀ ਜੰਮੇ ਪਲੇ ਮਾਲਵੇ ਦੀ ਧਰਤੀ ਤੇ ਪਿੰਡ ਸੰਧਵਾਂ ਵਿਖੇ,ਇਥੇ ਸੁਤੰਤਰਤਾ ਸੰਗਰਾਮ ਲਈ ਪਰਜਾਮੰਡਲ ਲਹਿਰ ਚਲਾਈ,ਜੇਲਾਂ ਕੱਟੀਆਂ ਤਸੀਹੇ ਝੱਲੇ। ਪਰ ਇਸ ਇਲਾਕੇ ਦੇ ਲੋਕਾਂ ਵਲੋਂ ਸਨਮਾਨ ਨਾ ਮਿਲਿਆ,ਅਖੀਰ ਖਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ੍ਹ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਵਾਂਗਡੋਰ ਸੰਭਾਲੀ। ਮੈਂਬਰ ਪਾਰਲੀਮੈਂਟ ਵੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਣੇ,ਸ੍ਰੀ ਅਨੰਦਪੁਰ ਵਿਧਾਨ ਸਭਾ ਹਲਕਾ ਵੀ ਇਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿਚ ਸਾਮਲ ਸੀ। ਗਿਆਨੀ ਜੀ ਦਾ ਆਖਰੀ ਸਮੇਂ ਸ੍ਰੀ ਅਨੰਦਪੁਰ ਦੀ ਧਰਤੀ ਤੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਐਕਸੀਡੈਂਟ ਹੋਇਆ ਜੋ ਜਾਨਲੇਵਾ ਸਾਬਤ ਹੋਇਆ। ਅਖੀਰ ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਦੀ ਅੰਤਮ ਇੱਛਾ ਅਨੁਸਾਰ ਸੰਸਕਾਰ ਨਵੀਂ ਦਿੱਲੀ ਵਿਖੇ ਕੀਤਾ ਗਿਆ ਸੀ। ਕੌਮ ਦੇ ਮਹਾਨ ਵਿਅਕਤੀ ਗਿਆਨੀ ਜ਼ੈਲ ਸਿੰਘ ਨੂੰ ਨਵੀਂ ਦਿੱਲੀ ਵਿਖੇ ਜਨਮ ਦਿਨ ਤੇ ਬਰਸੀ ਦੇ ਮੌਕੇ ਪ੍ਰਮੁੱਖ ਸਕਸ਼ੀਅਤਾਂ,ਪ੍ਰਸਾਸਨਿਕ ਅਧਿਕਾਰੀਆਂ, ਉਪਾਸਕਾਂ ਤੇ ਪਰਿਵਾਰਕ ਮੈਬਰਾਂ ਵਲੋਂ ਸਰਧਾ ਦੇ ਫੁੱਲ ਭੇਂਟ ਕਰਕੇ ਉਨਾਂ ਨੂੰ ਯਾਦ ਕੀਤਾ ਜਾਂਦਾ। ਅੱਜ ਫਿਰ ਗਿਆਨੀ ਜੀ ਦੇ ਪਰਿਵਾਰਕ ਮੈਬਰਾਂ ਵਲੋਂ ਸਿਆਸਤ ਵਿਚ ਯੋਗਦਾਨ ਪਾਇਆ ਜਾ ਰਿਹਾ, ਉਨ੍ਹਾ ਦੇ ਵੱਡੇ ਭਰਾ ਜੰਗੀਰ ਸਿੰਘ ਦਾ ਪੋਤਰਾ ਸ. ਕੁਲਤਾਰ ਸਿੰਘ ਸੰਧਵਾਂ ਆਮ ਆਦਮੀ ਪਾਰਟੀ ਵਲੋਂ ਹਲਕਾ ਕੋਟਕਪੂਰਾ ਤੋਂ ਵਿਧਾਇਕ ਬਣਕੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਵਧੀਆ ਭੂਮਿਕਾ ਨਿਭਾ ਰਹੇ ਹਨ। ਗਿਆਨੀ ਜੀ ਦਾ ਆਪਣਾ ਪੋਤਰਾ ਇੰਦਰਜੀਤ ਸਿੰਘ ਬੱਬੂ ਅਤੇ ਦੋਹਤ ਜਵਾਈ ਸ. ਸਰਵਣ ਸਿੰਘ ਚੰਨੀ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਉਪਰੰਤ ਸਿਆਸਤ ਵਿਚ ਸਰਗਰਮ ਹਨ।ਆਓ ਅਸੀਂ ਗਿਆਨੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬਦਲਖੋਰੀ ਦੀ ਸਿਆਸਤ ਤੋਂ ਉਪਰ ਉਠਕੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਮਿਲਜੁਲ ਕੇ ਕੰਮ ਕਰੀਏ।ਗਿਆਨੀ ਜ਼ੈਲ ਸਿੰਘ ਨੇ ਆਪਣੇ ਜੀਵਨ ਦੌਰਾਨ ਧਾਰਮਿਕ ਨਿਰਪੱਖਤਾ,ਮਨੁੱਖਤਾ ਨਾਲ ਪਿਆਰ, ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਲਈ ਹਮੇਸਾ ਯਤਨ ਕੀਤਾ।