ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ 21 ਸਾਲਾ ਨੌਜਵਾਨ ਕਾਕਾ ਕਰਨਬੀਰ ਸਿੰਘ ਦੀ ਅਚਾਨਕ ਹੋਈ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਕਾਕਾ ਕਰਨਬੀਰ ਸਿੰਘ ਪੁੱਤਰ ਗੁਰਚਰਨ ਸਿੰਘ, ਜਿਸ ਦੀ ਉਮਰ 21 ਸਾਲ ਸੀ, ਦੀ ਅਚਾਨਕ ਮੌਤ ਹੋ ਗਈ। ਉਹ ਪਿਛਲੇ ਡੇਢ ਸਾਲ ਤੋਂ ਕੈਨੇਡਾ ਦੇ ਵਿਨੀਪੈਗ ਵਿਖੇ ਪੜ੍ਹਾਈ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਹੁਤ ਹੀ ਮਿਹਨਤੀ ਬੱਚਾ ਸੀ ਅਤੇ ਬਾਸਕਟਬਾਲ ਦਾ ਇਕ ਚੰਗਾ ਖਿਡਾਰੀ ਵੀ ਸੀ। ਸਪੀਕਰ ਸੰਧਵਾਂ ਨੇ ਕਿਹਾ ਕਿ ਅਜਿਹੇ ਹੋਨਹਾਰ ਨੌਜਵਾਨ ਦੀ ਮੌਤ ਹੋਣਾ ਪਰਿਵਾਰ ਲਈ ਨਾਸਹਿਣਯੋਗ ਪੀੜ੍ਹਾ ਹੈ, ਜਿਸ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਕਾ ਕਰਨਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੇਹ ਨੂੰ ਇਥੇ ਲਿਆਉਣ ਲਈ ਜਿਥੇ ਕਿਤੇ ਵੀ ਮਦਦ ਦੀ ਲੋੜ ਪਈ ਜਾਂ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ਦੀ ਲੋੜ ਪਈ ਤਾਂ ਉਹ ਜਰੂਰ ਕਰਣਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕੇ ਜਿੰਨਾ ਕੁ ਉਨ੍ਹਾਂ ਨੇ ਕੈਨੇਡਾ ਵਿਚ ਵੇਖਿਆ ਹੈ, ਇਸ ਵਕਤ ਉੱਥੇ ਮੰਦੀ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਥੇ ਹੀ ਬਾਹਰਲੇ ਦੇਸ਼ਾਂ ਵਰਗੇ ਮਾਹੌਲ, ਕੰਮਕਾਜ, ਬਿਜਨੈਸ ਦੇ ਚੰਗੇ ਮੌਕੇ ਲੋਕਾਂ ਨੂੰ ਮੁਹੱਈਆ ਕਰਵਾਉਣ ਵਿਚ ਲੱਗੇ ਹੋਏ ਹਨ ਅਤੇ ਜੋ ਕਮੀਆਂ ਅਜੇ ਰਹਿੰਦੀਆਂ ਹਨ, ਉਹ ਵੀ ਬਹੁਤ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਰਗੀ ਧਰਤੀ ਆਪਾਂ ਨੂੰ ਕਿਤੋਂ ਵੀ ਨਹੀਂ ਮਿਲ ਸਕਦੀ। ਇਸ ਉਪਰੰਤ ਸਪੀਕਰ ਸੰਧਵਾਂ ਰਜਿੰਦਰ ਕੁਮਾਰ ਠੇਕੇਦਾਰ ਦੀ ਮਾਤਾ ਦੀ ਮੌਤ ‘ਤੇ ਵੀ ਦੁੱਖ ਸਾਂਝਾ ਕਰਨ ਵੀ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਂ ਦਾ ਰਿਸ਼ਤਾ ਦੁਨਿਆਵੀ ਰਿਸ਼ਤਿਆਂ ਵਿਚੋਂ ਸਭ ਤੋਂ ਪਵਿੱਤਰ ਰਿਸ਼ਤਾ ਹੈ ਅਤੇ ਮਾਂ ਦਾ ਸੰਸਾਰ ਤੋਂ ਤੁਰ ਜਾਣਾ ਬੱਚਿਆਂ ਲਈ ਬੇਹੱਦ ਪੀੜਾਮਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਦਾ ਜ਼ਿੰਦਗੀ ਵਿਚੋਂ ਜਾਣਾ ਜੀਵਨ ਵਿਚੋਂ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
Leave a Comment
Your email address will not be published. Required fields are marked with *