ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਐੱਸ.ਡੀ.ਐੱਮ. ਦਫ਼ਤਰ ਦੇ ਅਧਿਕਾਰੀਆਂ, ਕਰਮਚਾਰੀਆਂ, ਅਸ਼ਟਾਮ ਫਰੋਸ਼ਾਂ, ਅਰਜੀ ਨਵੀਸਾਂ, ਨੋਟਰੀ ਪਬਲਿਕ ਅਤੇ ਹੋਰਨਾ ਵੱਲੋਂ ਰੱਖੇ ਗਏ ਸੁਖਮਨੀ ਸਾਹਿਬ ਦੇ ਪਾਠ ਦੌਰਾਨ ਸ਼ਿਰਕਤ ਕੀਤੀ ਅਤੇ ਗੁਰੂ ਮਹਾਰਾਜ ਦੇ ਚਰਨਾਂ ’ਚ ਸੀਸ ਨਿਵਾਇਆ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਆਮਦ ਦੌਰਾਨ ਰੱਖੇ ਗਏ ਸੁਖਮਨੀ ਸਾਹਿਬ ਦੇ ਇਸ ਪਾਠ ’ਚ ਸ਼ਿਰਕਤ ਕਰਨ ਦਾ ਉਨ੍ਹਾਂ ਨੂੰ ਜੋ ਸੁਭਾਗ ਪ੍ਰਾਪਤ ਹੋਇਆ ਹੈ, ਉਸ ਦੇ ਉਹ ਤਹਿ ਦਿਲੋਂ ਧੰਨਵਾਦੀ ਹਨ। ਇਲਾਕਾ ਨਿਵਾਸੀਆਂ ਵਲੋਂ ਨਵੇਂ ਸਾਲ ਦੀ ਆਮਦ ਦੌਰਾਨ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਇਲਾਕੇ ’ਤੇ ਮੇਹਰ ਭਰਿਆ ਹੱਥ ਰਹਿਣ ਦੀ ਅਰਦਾਸ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਜੋਈ ਕੀਤੀ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹਰ ਧਰਮ, ਕੌਮ ਅਤੇ ਮਜਹੱਬ ’ਚ ਸਿਖਾਇਆ ਜਾਂਦਾ ਹੈ ਅਤੇ ਇਸ ਇਲਾਕੇ ਦੇ ਲੋਕਾਂ ਵਲੋਂ ਇਸ ਪ੍ਰੰਪਰਾ ਨੂੰ ਜਾਰੀ ਰੱਖਣ ਲਈ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਮਨਾ ਕੀਤੀ ਕਿ ਅਜਿਹੇ ਧਾਰਮਿਕ ਸਮਾਗਮਾਂ ਤੋਂ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਸਚਾਈ ਦੇ ਰਸਤੇ ’ਤੇ ਚੱਲਣ ਲਈ ਵੀ ਗੁਰਬਾਣੀ ਤੋਂ ਪ੍ਰੇਰਨਾ ਮਿਲੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੀਰਪਾਲ ਕੌਰ ਐਸ.ਡੀ.ਐਮ. ਕੋਟਕਪੂਰਾ ਅਤੇ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਸਮੇਤ ਦਫਤਰੀ ਸਟਾਫ ਅਤੇ ਸ਼ਹਿਰ ਦੀਆਂ ਸਖਸ਼ੀਅਤਾਂ ਵੀ ਹਾਜ਼ਰ ਸਨ।