ਫ਼ਰੀਦਕੋਟ, 26 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਧਨ ਨੂੰ ਭਿਆਨਕ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਸਮੁੱਚੇ ਪੰਜਾਬ ਵਿੱਚ ਟੀਕਾਕਰਨ ਮੁਹਿਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਫ਼ਰੀਦਕੋਟ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੇ ਪਿੰਡ ਸੰਧਵਾਂ ਤੋਂ ਇਸ ਵਿਸ਼ੇਸ਼ ਮੁਹਿੰਮ ਨੂੰ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਕਿਸੇ ਵੀ ਸੰਭਾਵਤ ਫੈਲਾਅ ਦੀ ਰੋਕਥਾਮ ਲਈ ਹੁਣ ਗੋਟ ਪੌਕਸ ਵੈਕਸੀਨ ਨੂੰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਕ ਨਾਮੁਰਾਦ ਬਿਮਾਰੀ ਕਾਰਨ ਪਸ਼ੂਆਂ ਦਾ ਕਾਫੀ ਜਾਨੀ ਨੁਕਸਾਨ ਹੋਇਆ ਸੀ। ਜਦੋਂ ਇਸ ਬਾਰੇ ਪਿੰਡ ਵਿਚ ਪੁੱਛ-ਪੜ੍ਹਤਾਲ ਕੀਤੀ ਗਈ ਤਾਂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਪਿੰਡ ਵਿਚ ਪਸ਼ੂਆਂ ਨੂੰ ਵੈਕਸੀਨ ਨਹੀਂ ਲਵਾਈ ਗਈ ਸੀ। ਲੋਕਾਂ ਵਿਚ ਇਹ ਵਹਿਮ ਸੀ ਕਿ ਵੈਕਸੀਨ ਲਵਾਉਣ ਨਾਲ ਪਸ਼ੂਆਂ ਦਾ ਦੁੱਧ ਘੱਟ ਜਾਂਦਾ ਹੈ। ਇਸ ਕਰਕੇ ਲੋਕਾਂ ਨੇ ਪਸ਼ੂਆਂ ਨੂੰ ਵੈਕਸੀਨ ਲਵਾਉਣ ਤੋਂ ਪ੍ਰਹੇਜ ਕੀਤਾ।
ਸਪੀਕਰ ਸੰਧਵਾਂ ਨੇ ਸਮੂਹ ਪਸ਼ੂ-ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਆਈਆਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤੋ ਇਹ ਟੀਕਾਕਰਣ ਲਾਜ਼ਮੀ ਕਰਵਾਉਣ ਤਾਂ ਜੋ ਕੀਮਤੀ ਪਸ਼ੂ-ਧਨ ਨੂੰ ਇਸ ਭਿਆਨਕ ਬਿਮਾਰੀ ਤੋ ਬਚਾਇਆ ਜਾ ਸਕੇ। ਪਸ਼ੂ ਪਾਲਣ ਵਿਭਾਗ ਤੋਂ ਡਾ. ਸਾਹਿਲ ਗੁਪਤਾ ਵੈਟਰਨਰੀ ਅਫਸਰ ਅਤੇ ਗੁਰਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ ਨੇ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕੀਤਾ।
Leave a Comment
Your email address will not be published. Required fields are marked with *