*ਪਿੰਡ ਫਿੱਡੇ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ!*
ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਦੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਸੋਚ ਦੇ ਚੱਲਦਿਆਂ ਇਸ ਵਾਰ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਮਗਿਆਂ ਸਮੇਤ ਵੱਖ ਵੱਖ ਕਿਸਮਾ ਦੇ ਤਮਗਿਆਂ ਦੇ ਭੰਡਾਰ ਲਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਬਾਬਾ ਸੁੰਦਰ ਦਾਸ ਸਪੋਰਟਸ ਕਲੱਬ ਫਿੱਡੇ ਕਲਾਂ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਜੇਤੂ ਟੀਮਾ ਨੂੰ ਸਨਮਾਨਿਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪੜਾਈ ਜਾਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਸਪੀਕਰ ਸੰਧਵਾਂ ਵਲੋਂ ਮੋਟੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਸਮੇਤ ਸਮੂਹ ਅਹੁਦੇਦਾਰਾਂ, ਮੈਂਬਰਾਂ, ਖੇਡ ਪੇ੍ਰਮੀਆਂ ਅਤੇ ਨਗਰ ਵਾਸੀਆਂ ਦੀ ਹਾਜਰੀ ਵਿੱਚ ਮਨੀ ਧਾਲੀਵਾਲ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਹਰ ਵਰਗ ਨੂੰ ਖੁਸ਼ ਕਰਨ ਅਤੇ ਹਰ ਵਰਗ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪੇ੍ਰਸ਼ਾਨੀਆਂ ਆਦਿਕ ਦੂਰ ਕਰਨ ਦੀ ਪਹਿਲਕਦਮੀ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਕੀਤੀ ਹੈ। ਮਨੀ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 11 ਖਿਡਾਰੀਆਂ ਦੀ ਪੀਸੀਐੱਸ ਅਤੇ ਡੀਐੱਸਪੀ ਅਹੁਦਿਆਂ ’ਤੇ ਨਿਯੁਕਤੀ ਹੋਈ ਹੈ, ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਮੌਕੇ 14 ਸਾਲ ਤੋਂ ਲੈ ਕੇ 65 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਕੀਤੇ ਗਏ ਹਨ ਅਤੇ ਲਗਭਗ 12 ਹਜਾਰ ਜੇਤੂ ਖਿਡਾਰੀਆਂ ਨੂੰ 8.97 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਅੰਤ ਵਿੱਚ ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦਾ ਵੀ ਕਲੱਬ ਵਲੋਂ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦੀਪਕ ਮੌਂਗਾ, ਰੇਸ਼ਮ ਸਿੰਘ ਬਰਾੜ, ਲਖਵਿੰਦਰ ਸਿੰਘ ਲੱਖੂ, ਰਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਜੱਗਾ, ਨਿਰਮਲ ਸਿੰਘ ਬਰਾੜ, ਬਲਵਿੰਦਰ ਅਲੀ, ਬੂਟਾ ਸਿੰਘ ਬਰਾੜ, ਗੁਰਤੇਜ ਸਿੰਘ ਗਿੱਲ, ਬਲਵਿੰਦਰ ਸਿੰਘ ਬਰਾੜ, ਗੁਰਜੀਤ ਚੋਪੜਾ ਆਦਿ ਵੀ ਹਾਜਰ ਸਨ।