ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਅਰੋੜਾ ਆਇਲ ਐਂਡ ਫਲੋਰ ਮਿਲ ਵਿਖੇ ਸ਼ਹਿਰ ਦੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਫੋਕਲ ਪੁਆਇੰਟਵਿਖੇ ਸਥਿਤ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸ ਦੌਰਾਨ ਪ੍ਰਧਾਨ ਵਿਸ਼ਾਲ ਗੋਇਲ, ਸੁਤੰਤਰ ਗੋਇਲ, ਰਜੇਸ਼ ਅਰੋੜਾ, ਵਿਪਨ ਗੁਪਤਾ, ਸ਼ੀਤਲ ਗੋਇਲ ਤੇ ਵੇਦ ਅਰੋੜਾ ਆਦਿ ਨੇ ਇਸ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਦਰੁਸਤ ਰੱਖਣ ਲਈ ਇਸ ਇਲਾਕੇ ’ਚ ਪੁਲਸ ਚੌਂਕੀ ਸਥਾਪਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉੱਥੇ ਹਾਜਰ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਅਤੇ ਇੰਸ.ਮਨੋਜ ਸ਼ਰਮਾਂ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਇੱਥੇ ਪੁਲਸ ਚੌਂਕੀ ਸਥਾਪਤ ਕਰ ਦਿੱਤੀ ਜਾਵੇਗੀ। ਇਸ ਦੌਰਾਨ ਸਮੂਹ ਕਾਰੋਬਾਰੀਆਂ ਨੇ ਸਮਾਲ ਇੰਡਸਟਰੀ ਦੀ ਰਿਜਰਵ ਪਰਾਈਜ ਰਿਵੀਊ ਕਰਨ ਸਬੰਧੀ, ਕਮਰਸ਼ੀਅਲ ਪਲਾਂਟ ਡਿਵੈਲਪ ਕਰਨ ਸਬੰਧੀ, ਸਮਾਲ ਇੰਡਸਟਰੀ ਦਾ ਸਬ-ਆਫਿਸ ਬਠਿੰਡਾ, ਲੁਧਿਆਣਾ ਜਾਂ ਕਿਸੇ ਨੇੜਲੇ ਸ਼ਹਿਰ ’ਚ ਕਰਨ ਸਬੰਧੀ, ਰੁਕੀਆਂ ਟਰਾਂਸਫਰ ਫਾਈਲਾਂ ਨੂੰ ਕਲੀਅਰ ਕਰਨ ਸਬੰਧੀ, ਟਰਾਂਸਪੇਰੈਸੀ ਅਲਾਟਡ ਪ੍ਰਕਿਰਿਆ ਨੂੰ ਸੁਖਾਲਾ ਕਰਨ ਸਬੰਧੀ, ਜਲਾਲੇਆਣਾ ਰੋਡ ਅਤੇ ਮੇਨ ਰੋਡ ਦੇ ਵਿਚਕਾਰ ਵਾਲਾ ਰਸਤਾ ਪੱਕਾ ਕਰਨ ਸਬੰਧੀ ਅਤੇ ਫੋਕਲ ਪੁਆਇੰਟ ’ਚ ਰਹਿੰਦੇ ਮਜਦੂਰ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਆਦਿ ਲਈ ਬੈਂਚ ਅਤੇ ਓਪਨ ਜਿੰਮ ਆਦਿ ਮੁਹੱਇਆ ਕਰਵਾਉਣ ਸਬੰਧੀ ਅਪੀਲ ਕੀਤੀ।