ਸਕੂਲ ਦੀ ਮੰਗ ਨੂੰ ਦੇਖਦਿਆਂ 3.50 ਲੱਖ ਰੁਪਏ ਦੀ ਹੋਰ ਰਾਸ਼ੀ ਦੇਣ ਦਾ ਕੀਤਾ ਐਲਾਨ
ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਹੇਠ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਕੋਟਕਪੂਰਾ ਵਿਖੇ 14.36 ਲੱਖ ਦੇ ਵਿਕਾਸ ਕਾਰਜ ਮੁਕੰਮਲ ਹੋਣ ’ਤੇ ਉਨ੍ਹਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੋ ਅਹਿਮ ਵਾਅਦੇ ਜਿਨ੍ਹਾਂ ’ਚ ਲੋਕਾਂ ਦੀ ਸਿਹਤ ਸਹੂਲਤ ਅਤੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਆਪਣਾ ਵਚਨ ਨਿਭਾਉਣ ਖਾਤਰ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਰਕਾਰੀ ਸਕੂਲ ’ਚ ਬੱਚਿਆਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਿਆ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਕੂਲ ਵਿਖੇ ਸਾਰੇ ਸਕੂਲ ਦਾ ਪਲੱਸਤਰ, ਸਾਰੇ ਕਮਰਿਆਂ ਅਤੇ ਬਰਾਂਡਿਆਂ ’ਚ ਟਾਈਲਾਂ, ਛੱਤਾਂ ਦੀ ਟਾਈਲਾਂ, ਟੈਰੇਸਿੰਗ, ਰਸੋਈ ਦੀ ਛੱਤ, ਅਪਲਿਫਟ ਪੋੜੀਆਂ, ਆਰ.ਓ. ਦਾ ਕਮਰਾ, ਸਾਰੇ ਸਕੂਲ ਦੇ ਦਰਵਾਜਿਆਂ, ਖਿੜਕੀਆਂ ਅਤੇ ਪੇਟ ਆਦਿ ਨਾਲ ਸਮੁੱਚੇ ਸਕੂਲ ਦੀ ਨੁਹਾਰ ਬਦਲੀ ਗਈ ਹੈ। ਇਸ ਮੌਕੇ ਉਨ੍ਹਾਂ ਲੋਕ ਗੀਤ ਗਾਉਣ ਵਾਲੇ ਦੋ ਬੱਚਿਆਂ ਨੂੰ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਜਦਕਿ ਉਕਤ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ ਤਾਂ ਜੋ ਚੰਗੀ ਪੜ੍ਹਾਈ ਕਰਕੇ ਅੱਗੇ ਵੱਧ ਕੇ ਉਹ ਵੱਡੇ ਅਫਸਰ ਬਣਨ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾਂ ਦੀ ਹਰ ਮੰਗ ਨੂੰ ਪੂਰਾ ਕਰਨ ਲਈ ਤਹਿ ਦਿਲੋਂ ਕੰਮ ਕਰ ਰਹੀ ਹੈ। ਇਸ ਮੌਕੇ ਸਪੀਕਰ ਸੰਧਵਾਂ ਵੱਲੋਂ ਸਕੂਲ ਦੀਆਂ ਬਾਕੀ ਮੰਗਾਂ ਨੂੰ ਧਿਆਨ ’ਚ ਰੱਖਦੇ ਹੋਏ 3 ਲੱਖ 50 ਹਜਾਰ ਦੀ ਰਾਸੀ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸ ਮੌਕੇ ਡੀ.ਈ.ਓ. ਨੀਲਮ ਰਾਣੀ, ਬੀ.ਪੀ.ਈ.ਓ. ਸੁਖਜੀਤ ਸਿੰਘ, ਸੀ.ਐਚ.ਟੀ. ਸੇਵਕ ਸਿੰਘ, ਕੋਆਰਡੀਨੇਟਰ ਰਵੀ ਸ਼ਰਮਾ, ਮਨਵਿੰਦਰ ਕੌਰ, ਜਤਿੰਦਰ ਕੌਰ, ਸੁਰਜੀਤ ਕੌਰ, ਪਰਮਿੰਦਰ ਸਿੰਘ, ਸ਼ਗੁਨ, ਸਿਮਰਜੀਤ ਕੌਰ ਅਤੇ ਕੁਲਦੀਪ ਕੌਰ ਹਾਜਰ ਸਨ।
Leave a Comment
Your email address will not be published. Required fields are marked with *