ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ : ਸਪੀਕਰ ਸੰਧਵਾਂ
ਲਾਈਟਾਂ ਦੇ ਪ੍ਰਬੰਧ ਲਈ ਪੰਜ ਲੱਖ ਰੁਪਏ ਅਖਤਿਆਰੀ ਕੋਟੇ ’ਚੋਂ ਦੇਣ ਦਾ ਐਲਾਨ!
ਕੋਟਕਪੂਰਾ, 16 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨੇੜਲੇ ਪਿੰਡ ਪੰਜਗਰਾਈਂ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਦੁਹਰਾਇਆ ਕਿ ਸੂਬੇ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਨਾ ਤਾਂ ਖਿਡਾਰੀਆਂ ਕੋਲ ਜਜਬੇ ਦੀ ਘਾਟ ਹੈ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਮੋਲਕ ਸਿੰਘ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਮੌਜੂਦ ਸਨ। ਕਬੱਡੀ ਦੇ ਖਿਡਾਰੀਆਂ ਨੂੰ ਮੁਖਾਤਿਬ ਹੁੰਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਜੋ ਵੀ ਖਿਡਾਰੀ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗਾ, ਉਸ ਨੂੰ ਢੁੱਕਵਾਂ ਇਨਾਮ ਦੇ ਕੇ ਸਰਕਾਰ ਵਲੋਂ ਨਿਵਾਜਿਆ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਦਿਨ-ਰਾਤ ਮਿਹਨਤ ਕਰਕੇ ਖੇਡਾਂ ’ਚ ਮੱਲਾਂ ਮਾਰਨ ਲਈ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਉਨ੍ਹਾ ਨੇ ਪਿੰਡ ਦੀ ਪੰਚਾਇਤ ਨੂੰ ਕਬੱਡੀ ਖੇਡ ਦੇ ਆਯੋਜਨ ਲਈ ਵਧਾਈ ਦੇ ਪਾਤਰ ਕਿਹਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਖੇਡਣ ਵਾਲੇ ਹੀ ਨਹੀਂ ਸਗੋਂ ਖੇਡਾਂ ਦੇਖਣ ਵਾਲੇ ਵੀ ਉਤਸ਼ਾਹਿਤ ਹੁੰਦੇ ਹਨ। ਸਪੀਕਰ ਸੰਧਵਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਹੀ ਸਾਨੂੰ ਅੱਗੇ ਵਧਣ ਦੀ ਵੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਆਖਿਆ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਆਪਣਾ ਧਿਆਨ ਖੇਡਾਂ ਵੱਲ ਲਗਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਿਲ੍ਹਾ ਫਰੀਦਕੋਟ ਦਾ ਕੋਈ ਵੀ ਕਬੱਡੀ ਖਿਡਾਰੀ ਖੇਡਦੇ ਸਮੇਂ ਜਖਮੀ ਹੋ ਜਾਂਦ ਹੈ ਤਾਂ ਉਸ ਦੇ ਇਲਾਜ ਲਈ 50 ਹਜਾਰ ਰੁਪਏ ਮੇਰੇ ਵੱਲੋਂ ਦਿੱਤੇ ਜਾਣਗੇ। ਸਪੀਕਰ ਸੰਧਵਾਂ ਵੱਲੋਂ ਪ੍ਰਬੰਧਕਾਂ ਦੀ ਮੰਗ ਅਨੁਸਾਰ ਸਟੇਡੀਅਮ ਵਿਚ ਲਾਈਟਾਂ ਲਗਾਉਣ ਸਬੰਧੀ ਆਪਣੇ ਅਖਤਿਆਰੀ ਕੋਟੇ ਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਤਾਂ ਜੋ ਇਕ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ, ਚੇਅਰਮੈਨ ਯੋਜਨਾ ਕਮੇਟੀ ਸੁਖਜੀਤ ਸਿੰਘ ਢਿੱਲਵਾ, ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਕੋਮਲ ਬਰਾੜ, ਸੰਜੀਵ ਕੁਮਾਰ ਬਲਾਕ ਪ੍ਰਧਾਨ, ਬੂਟਾ ਸਿੰਘ ਪੰਜਗਰਾਈ, ਗੁਰਜੰਟ ਸਿੰਘ ਸਰਾਂ ਅਤੇ ਹਰਚੰਦ ਸਿੰਘ ਪੰਜਗਰਾਈ ਆਦਿ ਵੀ ਹਾਜਰ ਸਨ।