ਕੋਟਕਪੂਰਾ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ ਧਰਮਸ਼ਾਲਾ ਦੀ ਇਮਾਰਤ ਕਈ ਸਾਲਾਂ ਤੋਂ ਅਧੂਰੀ ਪਈ ਸੀ। ਇਸ ਇਮਾਰਤ ਨੂੰ ਪੂਰਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ। ਸਪੀਕਰ ਸੰਧਵਾਂ ਨੇ ਸਰਪੰਚ ਗ੍ਰਾਮ ਪੰਚਾਇਤ ਮੋਰਾਂਵਾਲੀ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਪਿੰਡ ਦੇ ਸਾਂਝੇ ਕੰਮਾਂ, ਵਿਕਾਸ ਕਾਰਜਾਂ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਵੀ ਕੀਤੀ। ਉਨ੍ਹਾ ਕਿਹਾ ਕਿ ਚਿੱਟੇ ਜਿਹੀ ਨਾਮੁਰਾਦ ਬਿਮਾਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਨਸ਼ਾ ਖਤਮ ਕਰਨ ਲਈ ਇਲਾਕਾ ਵਾਸੀਆਂ ਦੇ ਸਾਥ ਦੀ ਬਹੁਤ ਜਰੂਰਤ ਹੈ, ਤਾਂ ਹੀ ਇਸ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਕਿਸੇ ਦੇ ਧਿਆਨ ਵਿਚ ਆਉਂਦਾ ਹੈ ਤਾਂ ਮੇਰੇ ਧਿਆਨ ਵਿਚ ਜਰੂਰ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ ਵੀ ਦਿੱਤੀ ਕਿ ਆਪਣੇ ਮਾਤਾ-ਪਿਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਆਪਣੇ ਮਾਤਾ-ਪਿਤਾ ਨੂੰ ਕਦੇ ਵੀ ਦੁਖੀ ਨਾ ਹੋਣ ਦਿਉ। ਉਨ੍ਹਾਂ ਕਿਹਾ ਕਿ ਮਾਂ-ਬਾਪ ਸਦਕਾ ਹੀ ਇਸ ਦੁਨੀਆਂ ਤੇ ਆਉਣਾ ਸੰਭਵ ਹੈ ਅਤੇ ਮਾਤਾ-ਪਿਤਾ ਦਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਔਲਾਦ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਦੀ ਹੈ, ਉਹੀ ਔਲਾਦ ਅਗਾਂਹ ਆਪਣੀ ਔਲਾਦ ਤੋਂ ਆਪਣੇ ਸਤਿਕਾਰ ਦੀ ਆਸ ਰੱਖ ਸਕਦੀ ਹੈ। ਉਨ੍ਹਾਂ ਮੋਰਾਂਵਾਲੀ ਪਿੰਡ ਵਿਚ ਇਕ ਬਜੁਰਗ ਮਾਤਾ ਦੇ ਰਹਿਣ ਵਾਸਤੇ ਉਸਨੂੰ ਇਕ ਕਮਰਾ ਬਣਾ ਕੇ ਦੇਣ ਦੀ ਗੱਲ ਵੀ ਕੀਤੀ, ਤਾਂ ਜੋ ਬਜੁਰਗ ਮਾਤਾ ਨੂੰ ਰਹਿਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
Leave a Comment
Your email address will not be published. Required fields are marked with *