ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼))
ਸਥਾਨਕ ਸ਼ਹਿਰ ਦੀਆਂ ਸੜਕਾਂ ’ਤੇ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੋਟਰਸਾਈਕਲ ’ਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਸਬਜੀ ਖ੍ਰੀਦਣ ਆਉਂਦੇ ਸਬਜੀ ਮੰਡੀ ਵਿਚਲੇ ਰੇਹੜੀ ਚਾਲਕਾਂ ਨੂੰ ਸਵੇਰ ਸਮੇਂ ਲੁੱਟਣ ਅਤੇ ਉਹਨਾਂ ’ਤੇ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਵੀ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਪਿਛਲੇ ਚਾਰ ਦਿਨਾਂ ’ਚ ਅੱਧੀ ਦਰਜਨ ਤੋਂ ਵੱਧ ਰੇਹੜੀ ਚਾਲਕਾਂ ’ਤੇ ਇਸ ਤਰ੍ਹਾਂ ਦੇ ਹਮਲੇ ਹੋਏ ਹਨ, ਜਿੰਨਾ ਤੋਂ ਮੋਟਰਸਾਈਕਲ ਸਵਾਰਾਂ ਨੇ ਨਗਦੀ ਤਾਂ ਖੋਹੀ ਹੈ, ਨਾਲ ਹੀ ਉਹਨਾਂ ਨੂੰ ਤੇਜ ਹਥਿਆਰਾਂ ਨਾਲ ਜਖਮੀ ਵੀ ਕਰ ਦਿੱਤਾ ਹੈ, ਜਿਸ ਦੌਰਾਨ ਅੱਜ ਵੱਡੀ ਗਿਣਤੀ ’ਚ ਰੇਹੜੀ ਚਾਲਕਾਂ ਅਤੇ ਆੜਤੀਆਂ, ਮਜਦੂਰਾਂ ਨੇ ਇੱਕ ਇਕੱਠ ਕਰਨ ਉਪਰੰਤ ਪੁਲਿਸ ਅਧਿਕਾਰੀਆਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਇਸ ਸਬੰਧੀ ਮਿਲਣ ਦਾ ਫੈਸਲਾ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬਜੀ ਫਲ ਆੜਤੀਆਂ ਦੇ ਪ੍ਰਧਾਨ ਰਾਜੂ ਰਾਵਲ, ਰਜਿੰਦਰ ਕੁਮਾਰ ਧਿੰਗੜਾ, ਪਵਨ ਕੁਮਾਰ, ਪਿੰਕੀ ਕੁਕਰੇਜਾ, ਆਸ਼ੂ ਵਿਨੋਚਾ, ਰਾਜੇਸ਼ ਕੁਮਾਰ, ਬਲਦੇਵ ਸਿੰਘ, ਮੋਨੂ ਵੀਨੋਚਾ, ਬਿੱਟੂ ਦਾਬੜਾ, ਜਗਸੀਰ ਸਿੰਘ ਆਦਿ ਸਮੇਤ ਰੇਹੜੀ ਯੂਨੀਅਨ ਦੇ ਪ੍ਰਧਾਨ ਵਿਜੇ ਗੁਪਤਾ, ਹਰੀਸ਼ ਕੁਮਾਰ, ਤਿਵਾੜੀ ਲਾਲ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਸਬਜੀ ਵਿਕ੍ਰੇਤਾ ਕਾਲਾ ਸਿੰਘ ਤੋਂ ਸਵੇਰ ਸਮੇਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 6000 ਨਗਦੀ ਖੋਹ ਲਈ। ਇਸ ਤੋਂ ਇਲਾਵਾ ਗੁਰਦੇਵ ਸਿੰਘ, ਚੰਦ ਕੁਮਾਰ, ਰਿੰਕੂ ਆਦਿ ਤੋਂ ਵੱਖ ਵੱਖ ਸਮੇਂ ਨਗਦੀ ਖੋਹਣ ਦੇ ਨਾਲ ਨਾਲ ਉਹਨਾ ਦਾ ਕੁਟਾਪਾ ਵੀ ਚਾੜਿਆ ਗਿਆ ਤੇ ਉਹਨਾ ਨੂੰ ਜਖਮੀ ਕਰ ਦਿੱਤਾ ਗਿਆ। ਜਿਸ ਕਰਕੇ ਸਬਜੀ ਫਲ ਵਿਕ੍ਰੇਤਾਵਾਂ ਵਿੱਚ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Leave a Comment
Your email address will not be published. Required fields are marked with *