ਵਕਤ, ਖਵਾਇਸ਼ਾਂ ਅਤੇ ਸੁਪਨੇ ਹੱਥ ਤੇ ਬੰਨ੍ਹੀ ਘੜੀ ਦੀ ਤਰ੍ਹਾਂ ਹੁੰਦੇ ਹਨ, ਉਤਾਰ ਕੇ ਰੱਖ ਵੀ ਦਿਓ ਤਾਂ ਵੀ ਚਲਦੇ ਰਹਿੰਦੇ ਨੇ।
ਸਮਾਂ ਇੱਕ ਅਨਮੋਲ ਧਨ ਹੈ। ਇਸ ਦੀ ਕੀਮਤ ਕਿਸੇ ਵੀ ਤਰ੍ਹਾਂ ਦੇ ਧਨ-ਦੌਲਤ ਜਾਂ ਖਜ਼ਾਨੇ ਤੋਂ ਵੱਧ ਹੁੰਦੀ ਹੈ। ਧਨ ਦੌਲਤ ਇੱਕ ਵਾਰ ਗਵਾ ਕੇ ਵੀ ਦੁਬਾਰਾ ਕਮਾਇਆ ਜਾ ਸਕਦਾ ਹੈ। ਪਰ ਜੋ ਸਮਾਂ ਇੱਕ ਵਾਰ ਬੀਤ ਜਾਂਦਾ ਹੈ, ਉਸ ਨੂੰ ਦੁਬਾਰਾ ਵਾਪਸ ਨਹੀਂ ਲਿਆਇਆ ਜਾ ਸਕਦਾ। ਅਕਸਰ ਸਾਨੂੰ ਸਮੇਂ ਦੇ ਬੀਤਣ ਮਗਰੋਂ ਉਸਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਲਗਾਤਾਰ ਬਿਨਾਂ ਰੁਕੇ, ਬਿਨਾਂ ਕਿਸੇ ਦਾ ਇੰਤਜ਼ਾਰ ਕੀਤੇ ਅੱਗੇ ਵਧਦਾ ਜਾਂਦਾ ਹੈ।
ਭੂਤਕਾਲ ਤੋਂ ਵਰਤਮਾਨ ਹੁੰਦਾ ਹੋਇਆ ਭਵਿੱਖ ਵੱਲ ਮਨੁੱਖ ਦੇ ਅਨੁਭਵ ਨਾਲ ਸਮਾਂ ਕਦੇ ਪਿੱਛੇ ਨਹੀਂ ਮੁੜਦਾ। ਕੌਣ ਹੈ ਜੋ ਅਤੀਤ ਵਿੱਚ ਹੰਢਾਏ ਸੁਖਦਾਈ ਪਲਾਂ ਨੂੰ ਮੁੜ ਮਾਣਨਾ ਨਹੀਂ ਚਾਹੁੰਦਾ। ਅਸੀਂ ਜਾਣਦੇ ਹਾਂ ਕਿ ਸਾਡਾ ਮਨੁੱਖੀ ਜੀਵਨ ਸੀਮਤ ਹੈ। ਇਸ ਵਿੱਚ ਕੋਈ ਨਾ ਕੋਈ ਘਟਨਾ ਹਰ ਵੇਲੇ ਵਾਪਰਦੀ ਰਹਿੰਦੀ ਹੈ। ਅਸੀਂ ਅਕਸਰ ਆਪਣੇ ਆਪ ਅਤੇ ਹੋਰਾਂ ਨੂੰ ਬਚਪਨ, ਜਵਾਨੀ, ਬੁਢਾਪੇ ਅਤੇ ਅੰਤ ਵਿੱਚ ਹੋਣ ਵਾਲੀ ਮੌਤ ਵਿੱਚੋਂ ਗੁਜਰਦਿਆਂ ਦੇਖਦੇ ਹਾਂ ਅਤੇ ਇਹ ਵੀ ਮਹਿਸੂਸ ਕਰਦੇ ਹਾਂ ਕਿ ਇਹ ਪਲ ਕਦੇ ਦੁਹਰਾਏ ਨਹੀਂ ਜਾਂਦੇ। ਇਸੇ ਮਜਬੂਰੀ ਦਾ ਨਾਂ ਹੀ ਸਮਾਂ ਹੈ।
ਹਰ ਦਿਨ ਸਾਡੇ ਸਾਹਮਣੇ ਇੱਕ ਨਵੀਂ ਚੁਣੌਤੀ ਲੈ ਕੇ ਆਉਂਦਾ ਹੈ। ਜਿਸ ਦਾ ਭੇਦ ਕਰਨ ਲਈ ਸਹੀ ਸਮੇਂ ਦੀ ਜਰੂਰਤ ਹੁੰਦੀ ਹੈ। ਜਿਸ ਨਾਲ ਸਾਨੂੰ ਚੰਗੇ ਮਾੜੇ ਸਮੇਂ ਦਾ ਅਨੁਭਵ ਹੁੰਦਾ ਹੈ। ਸਮੇਂ ਦੀ ਸੁਚੱਜੀ ਵਰਤੋਂ ਜੀਵਨ ਨੂੰ ਸਹੀ ਮਾਰਗ ਵੱਲ ਲੈ ਜਾਂਦੀ ਹੈ ਅਤੇ ਕਾਮਯਾਬ ਬਣਾਉਂਦੀ ਹੈ। ਸਮੇਂ ਸਿਰ ਕੀਤਾ ਕੰਮ ਹਮੇਸ਼ਾ ਸਾਰਥੱਕ ਹੁੰਦਾ ਹੈ। ਚੰਗਾ-ਮਾੜਾ ਸਮਾਂ ਸਭ ਤੇ ਆਉਂਦਾ ਹੈ ਪਰ ਜੋ ਸਮੇਂ ਨੂੰ ਸਹੀ ਸਮੇਂ ਤੋਂ ਫੜ ਲੈਂਦੇ ਹਨ,ਖੁਸ਼ੀਆਂ ਆਪ ਚੱਲ ਕੇ ਉਹਨਾਂ ਦੇ ਘਰ ਆਉਂਦੀਆਂ ਹਨ ਅਤੇ ਜੋ ਸਮੇਂ ਦੀ ਨਬਜ਼ ਨੂੰ ਸਹੀ ਸਮੇਂ ਤੇ ਪਛਾਣ ਨਾ ਸਕੇ, ਉਹ ਅਕਸਰ ਪਿਛੜ ਜਾਂਦੇ ਹਨ ਅਤੇ ਜ਼ਿੰਦਗੀ ਦੀ ਦੌੜ ਵਿੱਚ ਭਟਕਦੇ ਰਹਿੰਦੇ ਹਨ।
ਜਿਹੜੇ ਆਪਣੇ ਵਕਤ ਦੀ ਦੁਰਵਰਤੋਂ ਕਰਦੇ ਹਨ, ਉਹੀ ਸਮੇਂ ਦੇ ਘਾਟ ਹੋਣ ਦੀ ਸ਼ਿਕਾਇਤ ਕਰਦੇ ਹਨ
ਜਿਵੇਂ ਸਿਕੰਦਰ ਨੇ ਸਾਰੀ ਉਮਰ ਲੋਕਾਂ ਦਾ ਖੂਨ ਚੂਸ ਕੇ ਪੈਸਾ ਇਕੱਠਾ ਕੀਤਾ ਅਤੇ ਕੋਈ ਭਲਾਈ ਵਾਲਾ ਕੰਮ ਨਹੀਂ ਕੀਤਾ। ਅੰਤ ਸਮੇਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਸ ਨੂੰ ਗਰੀਬਾਂ ਦੀ ਮਦਦ ਲਈ ਧਨ ਖਰਚਣਾ ਚਾਹੀਦਾ ਹੈ। ਪਰ ਹੁਣ ਸਮਾਂ ਹੱਥੋਂ ਨਿਕਲ ਚੁੱਕਿਆ ਸੀ ਅਤੇ ਹੁਣ ਉਸ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਸੀ ਬਚਿਆ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਹਮੇਸ਼ਾ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ, ਪਰਮਾਤਮਾ ਦੁਆਰਾ ਬਖਸ਼ੇ ਗਏ ਇਸ ਅਣਮੁਲੇ ਤੋਹਫੇ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਅੱਜ ਦਾ ਕੰਮ ਕੱਲ ਤੇ ਨਾ ਛੱਡ ਕੇ,ਹਰ ਕੰਮ ਨੂੰ ਮਨ ਲਗਾ ਕੇ,ਰੀਝ ਨਾਲ ਸਮੇਂ ਸਿਰ ਪੂਰਾ ਕਰਨਾ ਚਾਹੀਦਾ ਹੈ।

ਨੀਲਮ (9779788365)