ਲੁਧਿਆਣਾ 13 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵੇ ਦੇ ਸਮਰੱਥ ਤੇ ਮੋਢੀ ਕਹਾਣੀਕਾਰਾਂ ਵਿਚੋਂ ਪ੍ਰਮੁੱਖ ਜਰਨੈਲ ਪੁਰੀ ਦੀਆਂ ਕਹਾਣੀਆਂ ਦੀ ਸੰਪੂਰਨ ਰਚਨਾਵਲੀ ਵਾਲੀ ਵੱਡ ਆਕਾਰੀ ਪੁਸਤਕ ‘ ਜਰਨੈਲ ਪੁਰੀ ਦੀਆਂ ਸਾਰੀਆਂ ਕਹਾਣੀਆਂ ‘ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੇ ਸ਼ਹੀਦੀ ਦਿਵਸ 16 ਨਵੰਬਰ ਸਵੇਰੇ 11.30 ਵਜੇ ਜਰਨੈਲ ਪੁਰੀ ਦੇ ਜੱਦੀ ਪਿੰਡ ਸ਼ਹਿਬਾਜ਼ਪੁਰਾ (ਨੇੜੇ ਰਾਇਕੋਟ ) ਜ਼ਿਲ੍ਹਾ ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਜਾਵੇਗੀ।
ਇਸ ਪੁਸਤਕ ਵਿੱਚ ਜਰਨੈਲ ਪੁਰੀ ਜੀ ਦੇ ਛੇ ਕਹਾਣੀ ਸੰਗ੍ਰਹਿ “ਕੱਤਣੀ,ਨੀਲ ਦੀ ਕੁੜੀ,ਦੋ ਕਬੂਤਰ,ਮਾਸ ਦਾ ਘਰ, ਘੁੱਗੀਆਂ ਵਾਲੇ ਅਤੇ ਮੈਂ,ਰਾਤ ਤੇ ਰਾਣੋ” ਸ਼ਾਮਿਲ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਪਿੰਡ ਦੇ ਉਤਸ਼ਾਹੀ ਨੌਜਵਾਨ ਲਖਵੀਰ ਸਿੰਘ ਉੱਪਲ ਨੇ ਦੱਸਿਆ ਕਿ ਇਸ ਪੁਸਤਕ ਨੂੰ ਲੋਕ ਅਰਪਨ ਕਰਨ ਦੀ ਰਸਮ ਸ਼੍ਰੋਮਣੀ ਪੰਜਾਬੀ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਅਦਾ ਕਰਨਗੇ। 16ਨਵੰਬਰ 2015 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਲਾਹੌਰ ਜੇਲ੍ਹ ਚ ਇਕੱਠੇ ਫਾਸੀ ਚੜ੍ਹੇ
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸਾਥੀਆਂ ਦੀ ਸ਼ਹਾਦਤ ਬਾਰੇ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਭਾਸ਼ਨ ਦੇਣਗੇ।
ਇਸ ਮੌਕੇ ਇਸ ਪੁਸਤਕ ਦੇ ਸੰਪਾਦਕ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਮੈਂਬਰ ਭਾਰਤੀ ਸਾਹਿਤ ਅਕੈਡਮੀ ਦਿੱਲੀ ,ਡਾਃ ਤੇਜਾ ਸਿੰਘ ਤਿਲਕ ਪ੍ਰਧਾਨ,ਪੰਜਾਬੀ ਸਾਹਿਤ ਸਭਾ ਬਰਨਾਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਜਰਨੈਲ ਪੁਰੀ ਦੇ ਪ੍ਰਸੰਗ ਵਿੱਚ ਪਿੰਡਾਂ ਅੰਦਰ ਸਾਹਿੱਤ ਪਸਾਰ ਬਾਰੇ ਵਿਚਾਰ ਪੇਸ਼ ਕਰਨਗੇ।
ਵਿਸ਼ਵ ਭਰ ਵਿੱਚ ਸਾਹਿੱਤ ਚੇਤਨਾ ਪਸਾਰਨ ਵਾਲੀ ਸੰਸਥਾ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ)ਦੇ ਪ੍ਰਧਾਨ ਡਾਃ ਦਲਬੀਰ ਸਿੰਘ ਕਥੂਰੀਆ ਵੱਲੋਂ ਪੁਸਤਕ ਦੇ ਸੰਪਾਦਕਾਂ ਬੂਟਾ ਸਿੰਘ ਚੌਹਾਨ ਤੇ ਤੈਜਾ ਸਿੰਘ ਤਿਲਕ ਤੇ ਹੋਰ ਹਾਜ਼ਰ ਲੇਖਕਾਂ ਨੂੰ ਦਸਤਾਰਾਂ ਭੇਂਟ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਇਸ ਸੰਸਥਾ ਦੇ ਭਾਰਤੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਦਿੱਤੀ।