ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਮਿਡਲ ਸਕੂਲ ਪੱਕਾ ਦੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਦੀ ਬੇਨਤੀ ’ਤੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਅਸ਼ਵਨੀ ਬਾਂਸਲ ਨੇ ਸਰਕਾਰੀ ਮਿਡਲ ਸਕੂਲ ਪੱਕਾ ਦੇ 122 ਵਿਦਿਆਰਥੀਆ ਨੂੰ ਕੜਾਕੇ ਦੀ ਸਰਦੀ ਦੌਰਾਨ ਠੰਡ ਤੋਂ ਬਚਾਉਣ ਵਾਸਤੇ ਬਲੇਜ਼ਰ ਲੈ ਕੇ ਦਿੱਤੇ। ਵਿਦਿਆਰਥੀਆਂ ਨੂੰ ਬਲੇਜ਼ਰ ਦੇਣ ਲਈ ਅਸ਼ਵਨੀ ਬਾਂਸਲ ਸਕੂਲ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਜੈ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਸਮਾਜਸੇਵੀ ਅਸ਼ਵਨੀ ਬਾਂਸਲ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਸਖ਼ਤ ਮਿਹਨਤ ਕਰਨ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਹਰ ਇਨਸਾਨ ਲਈ ਜ਼ਿੰਦਗੀ ’ਚ ਸਫ਼ਲਤਾ ਦੇ ਦਰਵਾਜ਼ੇ ਖੋਲਦੀ ਹੈ। ਇਸ ਲਈ ਸਾਨੂੰ ਜੀਵਨ ’ਚ ਸਫ਼ਲਤਾ ਪਾਪਤ ਕਰਨ ਵਾਸਤੇ ਹਮੇਸ਼ਾ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਉਨ੍ਹਾਂ ਨੂੰ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਜੀ ਆਇਆਂ ਆਖਿਆ। ਧੰਨਵਾਦ ਕਰਨ ਦੀ ਰਸਮ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਅਦਾ ਕੀਤੀ। ਇਸ ਮੌਕੇ ਇਸ ਮੌਕੇ ਸਕੂਲ ਸਟਾਫ਼ ’ਚੋਂ ਸਾਇੰਸ ਅਧਿਆਪਕਾ ਕਵਿਤਾ ਚਾਵਲਾ, ਪ੍ਰਵੀਨ ਲਤਾ, ਐਸ.ਐਸ.ਮਾਸਟਰ ਸੁਦੇਸ਼ ਸ਼ਰਮਾ, ਐਸ.ਐਸ. ਮਿਸਟ੍ਰੈਸ ਜਸਵਿੰਦਰ ਕੌਰ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਸਕੂਲ ਸਟਾਫ਼ ਵੱਲੋਂ ਇਸ ਨੇਕ ਕਾਰਜ ਲਈ ਸਮਾਜ ਸੇਵੀ ਅਸ਼ਵਨੀ ਬਾਂਸਲ ਦਾ ਸਨਮਾਨ ਕੀਤਾ ਗਿਆ।