‘ਸੰਤੁਸ਼ਟੀ’ ਬਹੁਤ ਹੀ ਪਿਆਰਾ ਅਤੇ ਆਨੰਦ ਦੇਣ ਵਾਲਾ ਸ਼ਬਦ ਹੈ। ਸੰਤੁਸ਼ਟੀ ਦਿਮਾਗ ਦੀ ਉਸ ਅਵਸਥਾ ਨੂੰ ਦਰਸਾਉਂਦੀ ਹੈ, ਜਦੋਂ ਅੰਦਰੋਂ ਖੁਸ਼ੀ ਹੁੰਦੀ ਹੈ ਅਤੇ ਅਜਿਹਾ ਲੱਗਦਾ ਹੈ – ਆਲ ਇਜ਼ ਵੈੱਲ/ਸਭ ਠੀਕ ਹੈ। ਵਰਤਮਾਨ ਅਤੇ ਨੇੜੇ ਦਾ ਭਵਿੱਖ ਸੁਹਾਵਣਾ ਲੱਗਦਾ ਹੈ। ਪਰ ਇੱਕ ਸਵਾਲ ਸਾਡੇ ਜੀਵਨ ਨਾਲ ਲਗਾਤਾਰ ਜੁੜਿਆ ਰਹਿੰਦਾ ਹੈ ਕਿ ਕੀ ਸਾਨੂੰ ਜੀਵਨ ਦੇ ਸਫ਼ਰ ਵਿੱਚ ਕਦੇ ਸੰਤੁਸ਼ਟੀ ਮਿਲਦੀ ਹੈ? ਕੀ ਇਹ ਇੱਕ ਅਸਥਾਈ ਸਥਿਤੀ ਹੈ? ਕੀ ਜੀਵਨ ਭਰ ਸੰਤੁਸ਼ਟ ਰਿਹਾ ਜਾ ਸਕਦਾ ਹੈ?
ਮਹਾਨ ਯੋਗੀ ਅਤੇ ਮਹਾਨ ਪੁਰਸ਼ ਪ੍ਰਚਾਰ ਕਰਦੇ ਹਨ ਕਿ ਜੀਵਨ ਵਿੱਚ ਜੋ ਕੁੱਝ ਵੀ ਉਪਲਬਧ ਹੈ ਉਸ ਨਾਲ ਸੰਤੁਸ਼ਟ ਹੋਣਾ ਹੈ, ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋ। ਪਰ ਫਿਰ ਵੀ ਮਨੁੱਖ ਦਾ ਮਨ ਅਸ਼ਾਂਤ ਰਹਿੰਦਾ ਹੈ। ਕੀ ਜ਼ਿੰਦਗੀ ਦਾ ਅਰਥ ਇਕ ਥਾਂ ਰੁਕਣਾ ਹੈ?
ਨਹੀਂ, ਜ਼ਿੰਦਗੀ ਇੱਕ ਨਿਰੰਤਰ ਸਫ਼ਰ ਹੈ, ਜਿਸ ਵਿੱਚ ਤੁਸੀਂ ਕਦੇ-ਕਦਾਈਂ ਕੁਝ ਦੇਰ ਲਈ ਰੁਕ ਸਕਦੇ ਹੋ ਅਤੇ ਥੋੜ੍ਹਾ ਆਰਾਮ ਕਰ ਸਕਦੇ ਹੋ। ਪਰ ਪੱਕੇ ਤੌਰ ਤੇ ਨਹੀਂ ਰੁਕ ਸਕਦੇ। ਜੇ ਅਜਿਹਾ ਹੋ ਜਾਵੇ ਤਾਂ ਸਮਝੋ ਕਿ ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਮਨੁੱਖ ਨੇ ਅਗਾਂਹਵਧੂ ਰਹਿਣਾ ਹੈ। ਔਕੜਾਂ ਵਿੱਚ ਵੀ ਮੁਸਕਰਾਉਣਾ ਹੈ। ਅਸੀਂ ਜੋ ਪ੍ਰਾਪਤ ਕੀਤਾ ਹੈ ਉਸ ਤੋਂ ਸੰਤੁਸ਼ਟ ਰਹਿਣਾ ਹੈ। ਇਸ ਦੇ ਨਾਲ ਹੀ ਸਾਨੂੰ ਜੀਵਨ ਨੂੰ ਸਾਰਥਕ ਬਣਾਉਣ ਲਈ ਯਤਨਸ਼ੀਲ ਰਹਿਣਾ ਹੋਵੇਗਾ।
ਜੋ ਵਿਅਕਤੀ ਖੁਸ਼ੀ ਦੀ ਇੱਛਾ ਰੱਖਦਾ ਹੈ ਉਸਨੂੰ ਸੰਤੁਸ਼ਟੀ ਦਾ ਆਨੰਦ ਲੈਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਕਿਸੇ ਵੀ ਸਮਾਜਿਕ ਕਾਰਜ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਬਹੁਤ ਸਾਰੇ ਲੋਕ ਕਿਸੇ ਗਰੀਬ ਨੂੰ ਦਾਨ ਦਿੰਦੇ ਹਨ ਪਰ ਦਾਨ ਕਰਦੇ ਸਮੇਂ ਉਸ ਦੀ ਫੋਟੋ ਕਲਿੱਕ ਕਰਵਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੰਦੇ ਹਨ। ਇਸ ਦੇ ਨਾਲ ਨਾਲ ਵਟਸਅਪ ਤੇ ਫੇਸ ਬੁੱਕ ਤੇ ਆਪਣਾ ਸਟੇਟਸ ਪਾਂਉਣਾ ਵੀ ਨਹੀਂ ਭੁੱਲਦੇ । ਮੇਰਾ ਮੰਨਣਾ ਹੈ ਕਿ ਜੇਕਰ ਚੰਗੇ ਸਮਾਜਕ ਕੰਮ ਨੂੰ ਇਹੋ ਜਿਹੀ ਮਹੱਤਤਾ ਨਾਲ ਕੀਤਾ ਜਾਵੇ ਕਿ ਇਸ ਨਾਲ ਤੁਹਾਨੂੰ ਸਮਾਜ ਵਿੱਚ ਪਹਿਚਾਣ ਮਿਲ ਜਾਵੇ ਤਾਂ ਤੁਹਾਨੂੰ ਪਹਿਚਾਣ ਤਾਂ ਮਿਲ ਸਕਦੀ ਹੈ ਪਰ ਤੁਹਾਡੇ ਮਨ ਨੂੰ ਸੰਤੁਸ਼ਟੀ ਨਹੀਂ ਮਿਲ ਸਕਦੀ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਮਾਜਿਕ ਪਛਾਣ ਬਣਾਉਣ ਵਿੱਚ ਸਫਲ ਨਹੀਂ ਹੋ ਪਾਉਂਦੇ ਹੋ, ਤਾਂ ਇਸ ਨਾਲ ਅਸੰਤੁਸ਼ਟੀ ਦੀ ਸਥਿਤੀ ਪੈਦਾ ਹੋ ਜਾਵੇਗੀ ਅਤੇ ਮਨੁੱਖੀ ਮਨ ਵਿੱਚ ਤਣਾਅ ਵੱਸ ਜਾਵੇਗਾ। ਅੱਜਕੱਲ੍ਹ ਛੋਟੇ-ਮੋਟੇ ਕੰਮ ਕਰਦੇ ਹੋਏ ਵੀ ਹਰ ਵਿਅਕਤੀ ਉਸ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨਾ ਨਹੀਂ ਭੁੱਲਦਾ। ਸੋਸ਼ਲ ਮੀਡੀਆ ‘ਤੇ ਫੋਟੋਆਂ ਅੱਪਡੇਟ ਕਰਨਾ ਫੈਸ਼ਨ ਹੈ ਜਾਂ ਦਿਖਾਵਾ ਇਹ ਗੱਲ ਸਮਝ ਤੋਂ ਬਾਹਰ ਹੈ ਪਰ ਕਿਸੇ ਗਰੀਬ ਲਈ ਕੁਝ ਕਰਨ ਤੋਂ ਬਾਅਦ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ਸਾਡੀ ਸੱਭਿਅਤਾ ਦੇ ਖਿਲਾਫ ਹੈ। ਇਹ ਕਿਸੇ ਵੀ ਹਾਲਤ ਵਿੱਚ ਮਨ ਦੀ ਸੰਤੁਸ਼ਟੀ ਨਹੀਂ ਹੋ ਸਕਦੀ ਇਸਨੂੰ ਦਿਖਾਵਾ ਅਤੇ ਫੈਸ਼ਨ ਕਿਹਾ ਜਾ ਸਕਦਾ ਹੈ । ਮੇਰਾ ਇਹ ਵਿਚਾਰ ਹੈੈ ਕਿ ਕਿਸੇੇੇ ਵੀ ਗ਼ਰੀਬ ਵਿਆਕਤੀ ਨੂੰ ਦਾਨ ਦੇਣ ਉਪਰਾਂਤ ਉਸਦੀ ਫੋਟੋ ਨੂੰ ਕਿਸੇ ਵੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਨਾ ਕੀਤਾ ਜਾਵੇ। ਜੇਕਰ ਤੁਸੀਂ ਅਤੇ ਤੁਹਾਡਾ ਮਨ ਸਮਾਜਿਕ ਅਤੇ ਚੰਗੇ ਕੰਮ ਕਰਦੇ ਸਮੇਂ ਖੁਸ਼ੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਯਕੀਨੀ ਤੌਰ ‘ਤੇ ਸੰਤੁਸ਼ਟ ਮਹਿਸੂਸ ਕਰੋਗੇ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ।
9781590500