ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ 1377 ਈ: ਵਿੱਚ ਬਨਾਰਸ ਦੀ ਧਰਤੀ ਤੇ ਸੀਰ ਗੋਵਰਧਨਪੁਰ(ਕਾਂਸੀ)ਵਿਖੇ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸਾਂ ਦੇਵੀ ਜੀ ਦੀ ਕੁੱਖੋਂ ਹੋਇਆ ਸੀ।ਗੁਰੂ ਰਵਿਦਾਸ ਜੀ ਦਾ ਜਨਮ ਉਨ੍ਹਾਂ ਸਮਿਆਂ ਵਿੱਚ ਹੋਇਆ ਜਦੋਂ ਦਲਿਤ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ।ਜ਼ਾਤ-ਪਾਤ ,ਊਚ-ਨੀਚ ਦਾ ਵਿਤਕਰਾ ਜ਼ੋਰਾਂ ਤੇ ਸੀ। ਨੀਵੀਂ ਜ਼ਾਤ ਦੇ ਲੋਕਾਂ ਨੂੰ ਪੜ੍ਹਨ ਤੇ ਪਾਬੰਦੀ ਸੀ ਅਤੇ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ। ਖੂਹਾਂ ਤੋਂ ਪਾਣੀ ਪੀਣ ਤੋਂ ਵੀ ਰੋਕਿਆ ਜਾਂਦਾ ਸੀ।ਕਿਰਤੀ ਲੋਕਾਂ ‘ਤੇ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਉੱਚੀ ਜ਼ਾਤ ਵਾਲ਼ੇ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਦੂਰ ਹੋ ਕੇ ਲੰਘਦੇ ਸੀ ਅਤੇ ਸ਼ੂਦਰ ਕਹਿ ਕੇ ਸੰਬੋਧਨ ਕਰਦੇ ਸੀ।ਪਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਕੌਮ ਦੇ ਉੱਤੇ ਹੋ ਰਹੇ ਅੱਤਿਆਚਾਰ ਦਾ ਵਿਰੋਧ ਕੀਤਾ ਅਤੇ ਆਪਣੇ ਲੋਕਾਂ ਨਾਲ ਹੋ ਰਹੇ ਇਸ ਜ਼ਾਤੀ ਵਿਤਕਰੇ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ।
ਉਹ ਲੋਕਾਂ ਦੇ ਟੁੱਟੇ ਹੋਏ ਜੋੜੇ ਗੰਢ ਕੇ ਆਪਣਾ ਗੁਜ਼ਾਰਾ ਕਰਦੇ ਸਨ ਅਤੇ ਸੱਚੀ-ਸੁੱਚੀ ਕਿਰਤ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮੁੱਚੀ ਮਨੁੱਖਤਾ ਦਾ ਫ਼ਿਕਰ ਸੀ ਅਤੇ ਪਰਮਾਰਥ ਦਾ ਪੂਰਾ ਗਿਆਨ ਸੀ। ਮਨੁੱਖਤਾ ਦੀ ਭਲਾਈ ਲਈ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲਗਾ ਦਿੱਤਾ ਸੀ।ਆਪ ਜੀ ਨੇ ਲਿਤਾੜੀ ਅਤੇ ਨਿਕਾਰੀ ਹੋਈ ਕੌਮ ਦਾ ਮਸੀਹਾ ਬਣਕੇ ਗੁਲ਼ਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸਮਾਜ ਦੀ ਅਗਵਾਈ ਕੀਤੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਨ੍ਹਾਂ ਦੁਆਰਾ ਰਚੀ ਹੋਈ ਪਵਿੱਤਰ ਅਤੇ ਇਨਕਲਾਬੀ ਬਾਣੀ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ ਦਿੰਦੀ ਹੈ।
ਆਪ ਗੁਰਬਾਣੀ ਵਿੱਚ ਬਰਾਬਰਤਾ ਦਾ ਸਮਾਜ ਸਿਰਜਣ ਦੀ ਕਲਪਨਾ ਕਰਦੇ ਹੋਏ ਲਿਖਦੇ ਹਨ:-
ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ।
ਆਪ ਬੇਗਮਪੁਰਾ ਵਸਾਉਣ ਦਾ ਸੁਪਨਾ ਲੈਂਦੇ ਹੋਏ ਲਿਖਦੇ ਹਨ:-
ਬੇਗਮ ਪੁਰਾ ਸਹਰ ਕੋ ਨਾਉ।
ਦੂਖੁ ਅੰਦੋਹੁ ਨਹੀ ਤਿਹਿ ਠਾਉ।
ਨਾਂ ਤਸਵੀਸ ਖਿਰਾਜੁ ਨ ਮਾਲੁ।
ਖਉਫੁ ਨ ਖਤਾ ਨ ਤਰਸੁ ਜਵਾਲੁ।
ਆਪ ਨਾਸ਼ਵਾਨ ਮਨੁੱਖੀ ਸਰੀਰ ਨੂੰ ਮਿੱਟੀ ਦਾ ਪੁਤਲਾ ਕਹਿ ਕੇ ਸੰਬੋਧਨ ਕਰਦੇ ਹੋਏ ਲਿਖਦੇ ਹਨ:-
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥
ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥
ਗੁਰੂ ਰਵਿਦਾਸ ਜੀ ਨੇ ਆਪਣੇ ਸ਼ਬਦ “ਨਾਮ ਤੇਰੋ ਆਰਤੀ” ਦੇ ਰਾਹੀਂ ਕਰਮ ਕਾਂਡਾਂ,ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਪੂਜਾ ਪਾਠ ਦੀ ਸਮੱਗਰੀ ਨੂੰ ਝੂਠ ਦੱਸਿਆ ਹੈ।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ।
ਅੱਜ ਜੋ ਰਵਿਦਾਸੀਆ ਸਮਾਜ ਦੇ ਲੋਕ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਹੀ ਦੇਣ ਹੈ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਭਾਵੇਂ ਕਿ ਕਈ ਜਗ੍ਹਾ ਤੇ ਅੱਜ ਵੀ ਦਲਿਤਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅੱਜ ਕੁੱਝ ਧਨਾਡ ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੀਆਂ ਕੋਠੀਆਂ ਪਾ ਕੇ ਆਪਣੇ ਹੀ ਸਮਾਜ ਦੇ ਲੋਕਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਅਤੇ ਖ਼ੁਦ ਨੂੰ ਦੂਜਿਆਂ ਤੋਂ ਉੱਚਾ ਸਮਝਦੇ ਹਨ ਜੋ ਕਿ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।ਪਰ ਸਾਰੇ ਇੱਕੋ ਜਿਹੇ ਨਹੀਂ ਹਨ ਅੱਜ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਬਹੁਤ ਸਾਰੇ ਵਾਰਸ ਉਨ੍ਹਾਂ ਦੀ ਸੋਚ ਤੇ ਪਹਿਰਾ ਦੇ ਰਹੇ ਹਨ ਅਤੇ ਆਪਣੇ ਸਮਾਜ ਦੀ ਅਗਵਾਈ ਕਰ ਰਹੇ ਹਨ। ਸਮਾਜਿਕ ਬਰਾਬਰਤਾ ਦਾ ਹੋਕਾ ਦੇਣ ਵਾਲੇ ਗੁਰੂ ਰਵਿਦਾਸ ਜੀ ਦੀ ਘਾਲਣਾ ਅੱਗੇ ਸਿਰ ਝੁੱਕਦਾ ਹੈ।24 ਫ਼ਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ ਹੈ।ਆਓ ਆਪਾਂ ਵੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਦੇ ਹੋਏ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰੀਏ।ਆਪ ਸਭ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ।

ਹਰਪ੍ਰੀਤ ਸਿੰਘ ਸਿਹੌੜਾ
ਪੰਜਾਬੀ ਲੇਖਕ ਤੇ ਪੱਤਰਕਾਰ
9463411178