ਇੱਕ ਗ਼ਜ਼ਲ ਦਾ ਸ਼ੇਅਰ ਹੈ:-
ਖਾਣ ਲਈ ਤੈਨੂੰ ਖੀਰ ਦਊਂਗਾ ਨਾਲ਼ ਪਕਾਦਉਂ ਪੂੜਾ,
ਬੈਠਣ ਨੂੰ ਤੈਨੂੰ ਕੁਰਸੀ ਦਊਂਗਾ ਸੌਣ ਨੂੰ ਲਾਲ ਪੰਘੂੜਾ।
ਲਾ ਕੇ ਤੇਲ ਤੇਰੇ ਵਾਹਦੂ ਬੋਦੇ ਨਾਲੇ ਕਰਦੂ ਜੂੜਾ,
ਬਣਨਾ ਜੇ ਤੂੰ ਪੁੱਤਰ ਮੇਰਾ ਲਿਖ ਕੇ ਦਖਾਦੇ ਊੜਾ।
ਇਕ ਖੋਜ ਮੁਤਾਬਿਕ ਪਿਛਲੇ ਕੁਝ ਸਾਲਾਂ ਵਿਚ ਅਨੇਕਾਂ ਅਜਿਹੀਆਂ ਬੋਲੀਆਂ ਅਲੋਪ ਹੋ ਚੁੱਕੀਆਂ ਹਾਂ ਜਿਹਨਾਂ ਨੂੰ ਉਹਨਾਂ ਦੇ ਆਪਣੇ ਲੋਕ ਸਾਂਭਣ ਵਿਚ ਅਸਮਰਥ ਰਹੇ ਹਨ। ਪੰਜਾਬ ਦੇ ਵਿੱਚ ਕਈ ਅਜਿਹੀਆਂ ਜੋਕਾਂ ਹਨ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦਾ ਲਹੂ ਚੂਸ ਲਿਆ ਤੇ ਵਿਸ਼ੇ ਦੇ ਤੌਰ ਤੇ ਵੀ ਏਸ ਨੂੰ ਮਨਫੀ ਕਰ ਦਿੱਤਾ ਹੈ। ਮੈਂ ਨਿੱਜੀ ਤੌਰ ਤੇ ਅਨੁਭਵ ਕੀਤਾ ਹੈ ਕਿ ਕੁਝ ਬੁੱਚੜਖਾਨਿਆਂ ਭਾਵ ਕੌਨਵੈਂਟ ਸਕੂਲਾਂ ਨੇ ਪੰਜਾਬ ਦੇ ਵਿਚ ਹੀ ਪੰਜਾਬੀ ਬੋਲਣ ਤੇ ਜੁਰਮਾਨਾ ਲਾ ਦਿੱਤਾ ਹੈ। ਇਹ ਚਿੰਤਾਯੋਗ ਵਿਸ਼ਾ ਹੈ । ਦਫ਼ਤਰੀ ਕੰਮਾਂ ਵਿਚ ਫਾਰਮ ਨੂੰ ਵੀ ਸਿਰਫ ਅੰਗਰੇਜ਼ੀ ਵਿਚ ਹੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਸਟਾਫ ਨੂੰ ਵੀ ਬੜੇ ਉਚੇਚੇ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਉਹ ਗ੍ਰਾਹਕਾਂ ਨਾਲ ਜਿਆਦਾ ਅੰਗਰੇਜ਼ੀ ਵਿੱਚ ਗੱਲ ਕਰਨ। ਅੱਜ ਕੱਲ ਦੇ ਪੜੇ ਲਿਖੇ ਲੋਕਾਂ ਲਈ ਤਾਂ ਇਹ ਕੋਈ ਵੱਡੀ ਗੱਲ ਨਹੀਂ ਪਰ ਵਿਚਾਰੇ ਪਿੰਡਾਂ ਦੇ ਭੋਲੇ ਲੋਕ ਏਹ ਬੋਲੀ ਨੂੰ ਦੱਸੋ ਕਿਵੇਂ ਸਮਝਣ ? ਸਾਡਾ ਅੰਗਰੇਜ਼ੀ ਨਾਲ ਯਾ ਅੰਗਰੇਜਾਂ ਨਾਲ ਕੋਈ ਵੈਰ ਨਹੀਂ ਹੈ ਮੁੱਦਾ ਸਿਰਫ ਇਹ ਹੈ ਕਿ ਜਦ ਅਸੀਂ ਓਹਨਾਂ ਦੇ ਮੁਲਖਾਂ ਵਿੱਚ ਜਾਂਦੇ ਹਾਂ ਤਾਂ ਅਸੀਂ ਓਹਨਾਂ ਦੀ ਬੋਲੀ ਵਿੱਚ ਗੱਲ ਕਰਦੇ ਹਾਂ ਜਦਕਿ ਓਹ ਸਾਡੀ ਬੋਲੀ ਬੋਲਣ ਤੇ ਸਿੱਖਣ ਨੂੰ ਤਵੱਜੋਂ ਨਹੀਂ ਦਿੰਦੇ। ਇਸ ਕਰਕੇ ਸੰਪਰਕ ਭਾਸ਼ਾ ਦੇ ਤੌਰ ਤੇ ਜੇਕਰ ਅੰਗਰੇਜ਼ੀ ਨੂੰ ਵਰਤਿਆ ਜਾਵੇ ਤਾਂ ਠੀਕ ਹੈ ਪਰ ਮਾਂ ਬੋਲੀ ਨੂੰ ਨਕਾਰ ਕੇ ਵਰਤੀਏ ਏਹ ਆਪਣੀ ਮਾਂ ਬੋਲੀ ਨੂੰ ਠੇਡਾ ਮਾਰਨ ਵਾਲੀ ਗੱਲ ਹੈ। ਪਿਛਲੇ ਦਹਾਕੇ ਤੋਂ ਇਹ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਮੁਹਾਰਣੀ ਦਾ ਕੋਈ ਗਿਆਨ ਨਹੀਂ ਜਦਕਿ ਅੰਗਰੇਜ਼ੀ ਤੋਤੇ ਦੀ ਤਰ੍ਹਾਂ ਬੋਲਦੇ ਹਨ। 21 ਫ਼ਰਵਰੀ ਨੂੰ ਮਾਂ ਬੋਲੀ ਦਿਵਸ ਦਾ ਮੈਨੂੰ ਨਹੀਂ ਲਗਦਾ ਕਿਸੇ ਨੂੰ ਬੋਹਤਾ ਪਤਾ ਹੋਵੇਗਾ। ਲੋੜ ਹੈ ਅਜਿਹੇ ਦਿਨਾਂ ਨੂੰ ਮਨਾਉਣ ਦੀ ਅਤੇ ਵੱਖ-ਵੱਖ ਮਾਧਿਅਮ ਰਾਹੀਂ ਲੋਕਾਂ ਤੱਕ ਇਸ ਦੀ ਅਹਿਮੀਅਤ ਪਹੁੰਚਾਉਣ ਦੀ। ਹੁਣ ਤਾਂ ਸੋਸ਼ਲ ਮੀਡੀਆ ਹਰੇਕ ਦੀ ਪਹੁੰਚ ਵਿਚ ਹੈ ਜਿਸ ਰਾਹੀਂ ਕੁਝ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਹ ਇਕ ਵਧੀਆ ਸਟੇਜ ਹੈ। ਜਿਸ ਦੁਆਰਾ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਬਹਾਨੇ ਲੱਭੇ ਜਾ ਸਕਦੇ ਹਨ।
ਪੰਜਾਬੀ ਦੇ ਮਸ਼ਹੂਰ ਸ਼ਾਇਰ ਬਾਬੂ ਫ਼ਿਰੋਜ਼ਦੀਨ ਸ਼ਰਫ਼ ਲਿਖਦੇ ਹਨ :-
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
ਅੱਜ ਸਾਨੂੰ ਲੋੜ ਹੈ ਕਿ ਮਾਂ ਬੋਲੀ ਦੀ ਹੋਂਦ ਬਚਾਈ ਜਾਵੇ ਨਹੀਂ ਓਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਨੇ ਅੰਗਰੇਜ਼ੀ ਦਾ ਗੜ੍ਹ ਬਣ ਕੇ ਰਹਿ ਜਾਣਾ ਹੈ ਅਤੇ ਅਸੀਂ ਓਹ ਲੋਕਾਂ ਦੀ ਭਾਲ ਕਰਾਂਗੇ ਜੋ ਪੰਜਾਬੀ ਦੇ ਜਾਣਕਾਰ ਹੋਣਗੇ। ਲੋੜ ਹੈ ਮਾਂ ਬੋਲੀ ਨੂੰ ਸੰਭਾਲਣ ਦੀ ਕਿਉਂਕਿ ਵੇਲਾ ਖੁੰਜਣ ਤੋਂ ਬਾਅਦ ਲੀਕਾਂ ਪੁੱਟਣ ਦਾ ਕੋਈ ਸਿੱਟਾ ਨਹੀਂ ਲੱਭਦਾ। ਉਮੀਦ ਹੈ ਕਿ ਆਪ ਸਭ ਇਸ ਦੀ ਹੋਂਦ ਨੂੰ ਕਾਇਮ ਰੱਖਣ ਵਿਚ ਮੇਰਾ ਅਤੇ ਸਾਰੇ ਪੰਜਾਬੀ ਭਾਸ਼ਾ ਪ੍ਰੇਮੀਆਂ ਦਾ ਸਾਥ ਦਵੋਗੇ।
ਵੱਲੋ – ਜੋਤ ਭੰਗੂ, ਬੋਹੜਪੁਰ, ਪਟਿਆਲਾ।
ਸੰਪਰਕ – 7696425957
Leave a Comment
Your email address will not be published. Required fields are marked with *