ਫਰੀਦਕੋਟ ,30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਲਾਜਪਤ ਨਗਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਸਮੇਂ ਲਗਭਗ 200 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਤੇ ਇਨ੍ਹਾਂ ਵਿਦਿਆਰਥੀਆਂ ਨੂੰ 9-10 ਅਧਿਆਪਕ ਪੜਾ ਰਹੇ ਹਨ।
ਇਸ ਸਕੂਲ ਦੀ ਇਮਾਰਤ ਦੇ ਤਿੰਨ ਕਮਰੇ ਪਿਛਲੇ ਕੁਝ ਮਹੀਨੇ ਪਹਿਲਾਂ ਆਈਆਂ ਜ਼ਬਰਦਸਤ ਬਰਸਾਤਾਂ ਕਾਰਨ ਬੁਰੀ ਤਰਾਂ ਨੁਕਸਾਨੇ ਗਏ ਹਨ । ਸਾਰੀਆਂ ਕੰਧਾਂ , ਛੱਤਾਂ ਅਤੇ ਫਰਸ਼ਾਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਆ ਚੁੱਕੀਆਂ ਹਨ । ਅਜਿਹੀ ਸਥਿਤੀ ਵਿੱਚ ਕਿਸੇ ਵੀ ਸਮੇਂ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ । ਇਸ ਕਾਰਨ ਸਕੂਲ ਦੇ ਵਿਦਿਆਰਥੀਆ , ਮਾਪਿਆਂ ਅਤੇ ਸਕੂਲ ਅਧਿਆਪਕਾਂ ਵਿੱਚ ਹਰ ਸਮੇਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਸਮੇਂ ਲੋਹੇ ਅਤੇ ਸੀਮੇਂਟ ਦੀਆਂ ਚਾਦਰਾਂ ਵਾਲੀਆਂ ਛੱਤਾਂ ਹੇਠ ਬੈਠਕੇ ਕਲਾਸਾਂ ਲਾ ਰਹੇ ਹਨ।
ਇਸ ਮਸਲੇ ਨੂੰ ਲੈਕੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਵੱਲੋਂ ਮਿਤੀ 13 ਅਕਤੂਬਰ 2023 ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਰੀਦਕੋਟ ਨੂੰ ਲਿਖਤੀ ਪੱਤਰ ਲਿਖਣ ਦੇ ਬਾਵਜੂਦ ਅਜੇ ਤੱਕ ਇਸ ਮਸਲੇ ਦਾ ਹਲ ਤਾਂ ਕੀ ਹੋਣਾ ਸੀ ਹੁਣ ਤੱਕ ਕਿਸੇ ਵੀ ਅਧਿਕਾਰੀ ਨੇ ਮੌਕੇ ਤੇ ਜਾਕੇ ਮੁਆਇਨਾ ਕਰਨਾ ਵੀ ਯੋਗ ਨਹੀਂ ਸਮਝਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਸਕੂਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਦੇ ਵਿਧਾਇਕ ਮਾਨਯੋਗ ਸ ਕੁਲਤਾਰ ਸਿੰਘ ਸੰਧਵਾਂ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ ਪੈਂਦਾ ਹੈ।
ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਰੀਦਕੋਟ ਤੋਂ ਮੁੜ ਮੰਗ ਕੀਤੀ ਹੈ ਕਿ ਤੁਰੰਤ ਕਿਸੇ ਤਕਨੀਕੀ ਅਧਿਕਾਰੀਆਂ ਦੀ ਟੀਮ ਭੇਜਕੇ ਇਸ ਸਕੂਲ ਦਾ ਮੁਆਇਨਾ ਕਰਵਾਉਣ ਅਤੇ ਨਿਰੀਖਣ ਉਪਰੰਤ ਆਉਣ ਵਾਲੀ ਰਿਪੋਰਟ ਦੇ ਆਧਾਰ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜ਼ੋ ਸਮੂਹ ਵਿਦਿਆਰਥੀ ਅਤੇ ਅਧਿਆਪਕ ਬਿਨਾਂ ਕਿਸੇ ਡਰ – ਭੈਅ ਦੇ ਪੜ੍ਹ ਅਤੇ ਪੜ੍ਹਾ ਸਕਣ ।