ਸਕੂਲਾਂ ਦੇ ਨਵੀਨੀਂਕਰਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਬਠਿੰਡਾ, 21 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ। ਇਸ ਤਹਿਤ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਸਾਰੇ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ। ਇਹ ਜਾਣਕਾਰੀ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਠਿੰਡਾ ਸ਼ਹਿਰੀ ਬਲਾਕ ਅਧੀਨ ਪੈਂਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਯੂ-ਡਾਈਸ ਵੱਲ ਖਾਸ ਧਿਆਨ ਦਿੰਦਿਆਂ ਇਸ ਨੂੰ 2 ਦਿਨਾਂ ਦੇ ਅੰਦਰ-ਅੰਦਰ ਤੁਰੰਤ ਸੋਧ ਕੇ ਅਪਡੇਟ ਕਰਨਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਯੂ-ਡਾਈਸ ਚ ਸਕੂਲ ਦੀ ਨਵੀਂ ਬਣਨ ਵਾਲੀ ਇਮਾਰਤ, ਰਿਪੇਅਰ, ਪੀਣ ਵਾਲੇ ਪਾਣੀ, ਟੂਆਇਲਟ ਆਦਿ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਯੂ-ਡਾਈਸ ਨੂੰ ਅਪਲੋਡ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ,ਕੁਤਾਹੀ ਜਾਂ ਅਣਗਹਿਲੀ ਨਾ ਵਰਤੀ ਜਾਵੇ, ਤਾਂ ਜੋ ਸਹੀ ਯੂ-ਡਾਈਸ ਦੇ ਆਧਾਰ ਤੇ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਸਕੇ।
ਬੈਠਕ ਦੌਰਾਨ ਉਨ੍ਹਾਂ ਵੱਲੋਂ ਖਾਸ ਤੌਰ ਤੇ ਸਕੂਲਾਂ ਦੇ ਨਵੀਨੀਂਕਰਨ ਦੇ ਨਾਲ-ਨਾਲ ਖੇਤਾ ਸਿੰਘ ਬਸਤੀ, ਹਰਬੰਸ ਨਗਰ, ਕੋਠੇ ਅਮਰਪੁਰਾ, ਕੋਠੇ ਕਾਲੇਕਾ ਤੋਂ ਇਲਾਵਾ ਸਰਕਾਰੀ ਸਕੂਲ ਆਫ਼ ਐਮੀਨੈਂਸ ਅਤੇ ਸਰਕਾਰੀ ਆਦਰਸ਼ ਸਕੂਲਾਂ ਦੀਆਂ ਸਮੱਸਿਆਵਾਂ ਵੀ ਦੂਰ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਆਪ ਆਗੂ ਤੇ ਕੌਂਸਲਰ ਸ਼੍ਰੀ ਸੁਖਦੀਪ ਸਿੰਘ ਢਿੱਲੋਂ, ਬਲਾਕ ਪ੍ਰਧਾਨ ਸ. ਜਗਦੀਸ਼ ਸਿੰਘ ਵੜੈਚ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸ਼ਿਵਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਮਹਿੰਦਰਪਾਲ ਸਿੰਘ ਤੋਂ ਇਲਾਵਾ ਬਲਾਕ ਸ਼ਹਿਰੀ ਨਾਲ ਸਬੰਧਤ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *