ਖਰੜ: 23 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਖਰੜ ਦੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਅੱਜ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰ
ਕ੍ਰਿਤੀਕਾ ਭਨੋਟ ਵਿਸ਼ੇਸ਼ ਤੌਰ ‘ਤੇ ਪੁੱਜੇ
ਉਨ੍ਹਾਂ ਨੇ ਸਕੂਲ ਦੀਆਂ ਬੱਚੀਆਂ ਨਾਲ ਵਿਸ਼ੇਸ਼ ਸੰਵਾਦ ਰਚਾਇਆ। ਸਾਹਿਬਜ਼ਾਦਿਆਂ ਦੀ ਅਤੇ ਗੁਰੂ ਸਾਹਿਬ ਦੇ ਪਰਿਵਾਰ ਅਤੇ ਬਾਕੀ ਯੋਧਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਉਪਰੰਤ ਇਨ੍ਹਾਂ ਬੱਚੀਆਂ ਨੂੰ
ਕਿਸ਼ੋਰ ਅਵਸਥਾ ਅਤੇ ਉਸ ਨਾਲ ਸਬੰਧਤ ਵਿਭਿੰਨ ਸਮੱਸਿਆਵਾਂ ਬਾਰੇ ਡਾ. ਕ੍ਰਿਤੀਕਾ ਭਨੋਟ ਨੇ ਵਿਸਥਾਰ ਸਹਿਤ ਦੱਸਿਆ।
ਕਿਸ਼ੋਰ ਹੋ ਰਹੀਆਂ ਬੱਚੀਆਂ ਨੂੰ ਸਮਝਾਇਆ ਗਿਆ ਇਸ ਉਮਰ ਵਿਚ ਸਰੀਰ ਵਿੱਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਨਾਲ ਸਹੀ ਢੰਗ ਨਾਲ ਕਿਸ ਤਰ੍ਹਾਂ ਨਜਿਠਣਾ ਹੁੰਦਾ ਹੈ। ਡਾਕਟਰ ਨੇ ਵਿਦਿਆਰਥਣਾਂ ਨੂੰ ਆਪਣੀ ਨਿੱਜੀ ਸਿਹਤ ਅਤੇ ਸਫਾਈ ਸਬੰਧੀ ਮਹੱਤਵਪੂਰਨ ਨੁਕਤੇ ਦੱਸਣ ਦੇ ਨਾਲ-ਨਾਲ ਇਹ ਗੱਲ ਵੀ ਵਿਸ਼ੇਸ਼ ਜ਼ੋਰ ਦੇ ਕੇ ਆਖੀ ਕਿ ਇਸ ਉਮਰ ਵਿੱਚ ਪੌਸ਼ਟਿਕ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸ਼ੋਰਾਂ ਨੂੰ ਕਬਾੜ ਖਾਣਾ ਅਤੇ ਪੈਕਟ ਬੰਦ ਨਮਕੀਨ ਅਤੇ ਹੋਰ ਰੈਡੀਮੇਡ ਭੋਜਨ ਖਾਣ ਤੋਂ ਵੱਧ ਤੋਂ ਵੱਧ ਪਰਹੇਜ਼ ਕਰਨਾ ਚਾਹੀਦਾ ਹੈ।
ਇਕ ਕਮਰੇ ਵਿਚ ਆਯੋਜਤ ਕੀਤੇ ਗਏ ਇਸ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੇ ਡਾਕਟਰ ਨੂੰ ਆਪਣੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਤੋਂ ਜਾਣੂ ਕਰਾਉਂਦੇ ਹੋਏ ਕਈ ਮੁੱਦਿਆਂ ਉੱਪਰ ਗੱਲਬਾਤ ਕਰਕੇ ਉੱਤਰ ਵੀ ਪ੍ਰਾਪਤ ਕੀਤੇ। ਡਾਕਟਰ ਕ੍ਰਿਤੀਕਾ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਵੀ ਉਹ ਵਿਦਿਆਰਥਣਾਂ ਨੂੰ ਸੰਬੋਧਨ ਕਰਨ ਲਈ ਆਉਣਗੇ ਕਿਉਂਕਿ ਉਨ੍ਹਾਂ ਨੂੰ ਇਸ ਸਕੂਲ ਵਿੱਚ ਆ ਕੇ ਬਹੁਤ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ। ਇਸ ਮੌਕੇ ਗੁਰਿੰਦਰ ਕੌਰ ਨੇ ਪ੍ਰਬੰਧ ਕੀਤੇ ਤੇ ਬਾਕੀ ਸਟਾਫ ਨੇ ਵੀ ਡਾਕਟਰ ਮੈਡਮ ਦਾ ਧੰਨਵਾਦ ਕੀਤਾ।