ਫ਼ਰੀਦਕੋਟ 02 ਫ਼ਰਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਜਨਵਰੀ ਤੋਂ 14 ਫ਼ਰਵਰੀ, 2024 ਤੱਕ ਖਾਸ ਸੜਕ ਸੁਰੱਖਿਆ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।
ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਣਵਾਲਾ ਵਿਖੇ ਫ਼ੌਜ ਦੇ ਸੂਬੇਦਾਰ ਲਖਵਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇ ਹੈਲਮੇਟ ਦੀ ਵਰਤੋਂ ਕਰਨ,ਸੀਟ ਬੈਲਟ ਦੀ ਵਰਤੋਂ ਕਰਨ, ਓਵਰ ਸਪੀਡ ਵਹੀਕਲ ਨਾ ਚਲਾਉਣ, ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਵਾਹਨ ਦੀ ਗਤੀ 60 ਕਿ.ਮੀ ਪ੍ਰਤੀ ਘੰਟਾ ਹੈ ਤੇ ਟਕਰਾਉਣ ਵਾਲੇ ਵਾਹਨ ਦੀ ਗਤੀ ਵੀ ਇਨੀ ਹੀ ਹੋਵੇ ਤਾਂ ਟੱਕਰ ਦੌਰਾਨ ਇਹ ਗਤੀ 60+60= 120 ਹੋ ਜਾਂਦੀ ਹੈ ਅਤੇ ਇਸ ਗਤੀ ਨਾਲ ਜੇਕਰ ਟੱਕਰ ਹੋਵੇ ਤਾਂ ਖੁਦ ਅੰਦਾਜ਼ਾ ਲਗਾਉ ਕਿ ਬੰਦੇ ਦੇ ਸਰੀਰ ਦੀ ਕੀ ਹਾਲਤ ਹੋਵੇਗੀ।
ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਸੜਕ ਉੱਪਰ ਥੋੜੀ ਜਿਹੀ ਲਾਪਰਵਾਹੀ ਨਾਲ ਕਈ ਵਾਰ ਬਹੁਤੀ ਗਿਣਤੀ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ 18 ਤੋਂ 30 ਸਾਲ ਦੇ ਉਮਰ ਵਰਗ ਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਨਿਯਮਾਂ ਦੀ ਬੜੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਹੀਕਲ ਚਲਾਉਣ ਸਮੇਂ ਆਪਣੀ ਤੇ ਦੂਸਰਿਆਂ ਦੀ ਸੁਰੱਖਿਆ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਸਾਡਾ ਮੁੱਢਲਾ ਫਰਜ਼ ਹੈ।
ਇਸ ਮੌਕੇ ਸੰਦੀਪ ਕੌਰ, ਪ੍ਰਿੰਸੀਪਲ, ਗੁਰਦੇਵ ਸਿੰਘ, ਅਜੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।
Leave a Comment
Your email address will not be published. Required fields are marked with *