ਪਤੰਗਾਂ ਤੇ ਡੋਰ ਵੇਚਣ ਵਾਲੀਆਂ ਅਨੇਕਾਂ ਦੁਕਾਨਾਂ ਦੀ ਕੀਤੀ ਡੂੰਘਾਈ ਨਾਲ ਚੈਕਿੰਗ
ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਰੇਲਵੇ ਰੋਡ, ਮੇਨ ਬਜਾਰ ਅਤੇ ਢੋਡਾ ਚੋਂਕ ਵਿਖੇ ਲਗਭਗ ਅੱਧੀ ਦਰਜਨ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਕੋਟਕਪੂਰਾ ਨੇ ਬੜੀ ਡੂੰਘਾਈ ਦੌਰਾਨ ਡੋਰ ਚੈੱਕ ਕਰਦਿਆਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਬਕਾਇਦਾ ਹੁਕਮ ਜਾਰੀ ਹੋਇਆ ਹੈ ਕਿ ਚਾਈਨਾ ਡੋਰ ਦੀ ਵਰਤੋਂ ਅਤੇ ਸਟੋਰ ਕਰਨ ’ਤੇ ਬਿਨਾਂ ਕਿਸੇ ਝਿਜਕ ਦੇ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਣ ਅਤੇ ਅਜਿਹੇ ਲੋਕਾਂ ਨੂੰ ਸਖਤ ਸਜਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉੱਪਰ ਪੂਰੇ ਪੰਜਾਬ ’ਚ ਪਾਬੰਦੀ ਹੈ, ਕਿਉਂਕਿ ਇਸ ਨਾਲ ਆਮ ਲੋਕਾਂ ਤੋਂ ਇਲਾਵਾ ਬੱਚਿਆਂ ਅਤੇ ਪੰਛੀਆਂ ਨੂੰ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਵੇਚਣ ਵਾਲਿਆਂ ਵਿਰੁੱਧ ਦੋਸ਼ੀ ਪਾਏ ਜਾਣ ’ਤੇ ਪੰਜ ਸਾਲ ਦੀ ਲਾਜ਼ਮੀ ਸਜਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਫ਼ਰੀਦਕੋਟ, ਕੋਟਕਪੂਰਾ, ਜੈਤੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੀ ਖਾਸ ਤੌਰ ’ਤੇ ਇਸ ਕੰਮ ’ਤੇ ਡਿਊਟੀ ਲਾਈ ਹੈ ਕਿ ਉਹ ਚਾਈਨਾ ਡੋਰ ਦੇ ਇਸਤੇਮਾਲ/ਵੇਚਣ ਅਤੇ ਖ੍ਰੀਦਣ ’ਤੇ ਸਖਤ ਨਿਗਰਾਨੀ ਰੱਖਣ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੇਕਰ ਅਜਿਹਾ ਕੋਈ ਮਾਮਲਾ ਧਿਆਨ ’ਚ ਆਉਂਦਾ ਹੈ ਤਾਂ ਉਸ ’ਤੇ ਤੁਰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।