ਚੰਡੀਗੜ 30 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਤਰਜ ਤੇ 15 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਰਜਿਸਟਰਡ ਵਹੀਕਲ ਸਕਰੈਪਿੰਗ ਫੈਸਿਲਿਟੀ ਰਾਹੀ ਸਕਰੈਪ ਕਰਨ ਦੀ ਇੱਕ ਯੋਜਨਾ ਬਣਾਈ ਹੈ ,ਜਿਸ ਨਾਲ ਜਿੱਥੇ ਵਾਹਨ ਚਾਲਕਾਂ ਨੂੰ ਉਹਨਾਂ ਦੇ ਵਾਹਨ ਦਾ ਸਹੀ ਮੁੱਲ ਮਿਲੇਗਾ, ਉੱਥੇ ਹੀ ਇਸ ਨਾਲ ਗੈਰ ਸਮਾਜਿਕ ਤੱਤਾਂ ਵੱਲੋਂ ਚੋਰੀ ਕੀਤੀਆਂ ਗੱਡੀਆਂ ਨੂੰ ਅੱਗੇ ਵੇਚਣ ਦੇ ਰੁਝਾਨ ਨੂੰ ਵੀ ਠੱਲ ਪਾਈ ਜਾ ਸਕੇਗੀ ।
ਇਹ ਪ੍ਰਗਟਾਵਾ ਸ੍ਰੀ ਮੁਨੀਸ਼ ਕੁਮਾਰ ਆਈਏਐਸ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਕੀਤਾ ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਕਾਇਦਾ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਤੇ ਕੋਈ ਵੀ ਵਾਹਨ ਚਾਲਕ ਆਪਣੇ ਵਾਹਨ ਨੂੰ ਰਜਿਸਟਰਡ ਕਰਵਾ ਸਕਦਾ ਹੈ, ਜਿਸ ਉਪਰੰਤ ਉਹ ਰਜਿਸਟਰਡ ਸਕ੍ਰੈਪਗ ਪ੍ਰੋੈਜੈਕਟ ਵਿੱਚ ਆਪਣੇ ਵਾਹਨ ਨੂੰ ਲਿਜਾ ਕੇ ਸਕਰੈਪ ਕਰਵਾ ਸਕਦਾ ਹੈ। ਜਿਸ ਨਾਲ ਵਾਹਨ ਚਾਲਕ ਨੂੰ ਕਬਾੜੀਆਂ ਤੋਂ ਵੱਧ ਮੁੱਲ ਮਿਲੇਗਾ, ਉਥੇ ਹੀ ਉਸ ਨੂੰ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ,ਜਿਸ ਨੂੰ ਵਿਖਾ ਕੇ ਉਹ ਨਵੀਂ ਗੱਡੀ ਖਰੀਦਣ ਸਮੇਂ ਜਿੱਥੇ ਰਜਿਸਟਰੇਸ਼ਨ ਫੀਸ ਦੀ ਛੋਟ ਲੈ ਸਕਦਾ ਹੈ , ਉੱਥੇ ਹੀ ਸਰਕਾਰ ਵੱਲੋਂ ਉਸ ਨੂੰ 25% ਰੋਡ ਟੈਕਸ ਵਿੱਚ ਵੀ ਛੋਟ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਪਹਿਲੇ ਪੜਾਅ ਤੇ ਸਰਕਾਰੀ ਬੱਸਾਂ , ਕਾਰਾਂ ਅਤੇ ਹੋਰ ਵਾਹਨਾਂ ਨੂੰ ਇਸ ਪਾਲਸੀ ਅਧੀਨ ਲਿਆ ਕੇ ਸਕਰੈਪਿੰਗ ਕਰਵਾਈ ਜਾਵੇਗੀ ਅਤੇ ਉਸ ਦੇ ਨਾਲ ਹੀ ਨਿਜੀ ਵਾਹਨ ਚਾਲਕਾਂ ਨੂੰ ਵੀ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਾਉਣ ਲਈ ਉਤਸਾਹਿਤ ਕੀਤਾ ਜਾਵੇਗਾ ਤਾਂ ਜੋ ਦਿਨੋ ਦਿਨ ਫੈਲ ਰਹੇ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ ਅਤੇ ਲੋਕਾਂ ਨੂੰ ਘੱਟ ਤੇਲ ਫੂਕਣ ਵਾਲੇ ਵਾਹਨ ਮੁਹਈਆ ਕਰਵਾਏ ਜਾ ਸਕਣ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਪਾਲਸੀ ਬਣਾਉਣ ਨਾਲ ਚੋਰੀ ਦੀਆਂ ਗੱਡੀਆਂ ਵਿਕਣ ਦਾ ਪ੍ਰਚਲਨ ਘਟੇਗਾ, ਜਿਸ ਨਾਲ ਗੈਰ ਸਮਾਜੀ ਤੱਤਾਂ ਵੱਲੋਂ ਲੋਕਾਂ ਦੀਆਂ ਗੱਡੀਆਂ ਚੋਰੀ ਕਰਕੇ ਕੀਤੀਆਂ ਜਾਂਦੀਆਂ ਚੋਰੀਆਂ,ਕਤਲਾਂ, ਲੁੱਟਾਂ ,ਖੋਹਾਂ ਅਤੇ ਹੋਰ ਜੁਰਮਾਂ ਨੂੰ ਠੱਲ ਪਾਈ ਜਾ ਸਕੇਗੀ ।