ਅਮ੍ਰਿਤਸਰ, 10 ਨਵੰਬਰ 2023 (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਬੀਤੇ ਦਿਨੀਂ ਰਾਮਪੁਰਾ ਫੂਲ ਵਿਖੇ ਇਕ ਨਿੱਜੀ ਸਕੂਲ ਵਲੋਂ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ਉੱਤੇ ਲਾਈ ਪਾਬੰਦੀ ਵਿਰੁੱਧ ਵਾਪਰੇ ਘਟਨਾਕ੍ਰਮ ਉਪਰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਨਿੱਜੀ ਵਿਦਿਅਕ ਅਦਾਰਿਆਂ ਤੋਂ ਪਹਿਲਾਂ ਤਾਂ ਫੰਡਾਂ ਦੇ ਰੂਪ ਵਿੱਚ ਮੋਟੀਆਂ ਰਕਮਾਂ ਵਸੂਲ ਕਰਦੀਆਂ ਹਨ ਤੇ ਬਾਅਦ ਵਿਚ ਉਹਨਾਂ ਨੂੰ ਮਨਮਰਜ਼ੀ ਕਰਨ ਲਈ ਛੱਡ ਦਿੰਦੀਆਂ ਹਨ। ਉਹਨਾਂ ਮੰਗ ਕੀਤੀ ਕਿ ਰਾਜ ਭਾਸ਼ਾ ਐਕਟ 2008 ਵਿੱਚ ਸੋਧ ਕਰਕੇ ਚੋਰ ਮੋਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਨਿਰੋਲ ਭਾਸ਼ਾ ਦੇ ਅਧਾਰ ਉੱਤੇ ਕਾਇਮ ਹੋਏ ਇਸ ਸੂਬੇ ਅੰਦਰ ਮਾਤ ਭਾਸ਼ਾ ਪੰਜਾਬੀ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਅਤੇ ਪੰਜਾਬੀ ਵਿਚ ਕੰਮ ਨਾ ਕਰਨ ਵਾਲੀ ਅਫਸਰਸ਼ਾਹੀ ਵਿਰੁੱਧ ਸਜ਼ਾ ਦੀ ਵਿਵਸਥਾ ਹੋਵੇ।
ਉਹਨਾਂ ਦੱਸਿਆ ਕਿ ਪ੍ਰਸ਼ਾਸਨਿਕ ਢਿੱਲ ਕਰ ਕੇ ਹੀ ਰਾਜ ਅੰਦਰਲੇ ਨਿੱਜੀ ਵਿਦਿਅਕ ਅਦਾਰੇ ਕੇਂਦਰੀ ਸਿਖਿਆ ਬੋਰਡ ਦੀਆਂ ਖੇਤਰੀ ਭਾਸ਼ਾਵਾਂ ਪ੍ਰਤੀ ਜਾਰੀ ਹਦਾਇਤਾਂ ਨਜ਼ਰ ਅੰਦਾਜ਼ ਕਰਦਿਆਂ ਬੱਚਿਆਂ ਨੂੰ ਮਾਤ ਭਾਸ਼ਾ ਤੋਂ ਦੂਰ ਕਰ ਕੇ ਕਨੂੰਨੀ ਅਪਰਾਧ ਕਰਦੇ ਹਨ। ਉਹਨਾਂ ਰਾਜ ਅੰਦਰਲੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਕਾਲਜਾਂ ਵਿਚ ਹੋ ਰਹੀ ਪੜ੍ਹਾਈ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਕੂਲ ਕਾਲਜਾਂ ਵਿਚ ਪਹਿਲ ਦੇ ਅਧਾਰ ‘ਤੇ ਅਧਿਆਪਕਾਂ ਦੀ ਪੱਕੀ ਭਰਤੀ ਕਰ ਕੇ ਸੂਬੇ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਆਪਣੀ ਜ਼ਬਾਨ ਅਤੇ ਜ਼ਮੀਨ ਨਾਲ ਜੁੜੀ ਰਹੇ।
ਕੇਂਦਰੀ ਸਭਾ ਦੇ ਅਹੁਦੇਦਾਰ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਮੂਲ ਚੰਦ ਸ਼ਰਮਾ ,ਰਜਿੰਦਰ ਸਿੰਘ ਰਾਜਨ, ਮਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਵੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਦਿਨ-ਬ-ਦਿਨ ਨਿੱਘਰ ਰਹੀ ਸਥਿਤੀ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਮਾਡਲ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਵਿਦੇਸ਼ੀਂ ਭਾਸ਼ਾ ਦੀ ਚਕਾਚੌਂਦ ਵਿੱਚ ਉਲਝਾ ਕੇ ਉਹਨਾਂ ਕੋਲੋਂ ਫੀਸਾਂ ਅਤੇ ਫੰਡਾਂ ਦੇ ਰੂਪ ਵਿੱਚ ਅਣਗਿਣਤ ਰਕਮਾਂ ਵਸੂਲੀਆਂ ਜਾਂਦੀਆਂ ਹਨ। ਬੱਚਿਆਂ ਨੂੰ ਪੰਜਾਬੀ ਬੋਲਣ ‘ਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਰਾਜ ਅੰਦਰਲੇ ਸਕੂਲਾਂ ਵਿਚ ਪੰਜਾਬੀ ਇਕ ਵਿਸ਼ੇ ਵਜੋਂ ਨਹੀਂ ਬਲਕਿ ਮਾਧਿਅਮ ਦੇ ਤੌਰ ‘ਤੇ ਪੜ੍ਹਾਈ ਜਾਵੇ ਤਾਂ ਜੋ ਰਾਮਪੁਰਾ ਫੂਲ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਗੁਰਭੇਜ ਸਿੰਘ ਗੁਰਾਇਆ, ਡਾ. ਉਮਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵਸੀ, ਹਰਪਾਲ ਨਾਗਰਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਮੀਤ ਬਾਜਵਾ, ਦੀਪਕ ਸ਼ਰਮਾ ਚਨਾਰਥਲ, ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ, ਗੁਰਬਿੰਦਰ ਸਿੰਘ ਮਾਣਕ, ਡਾ. ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਜਸਵੰਤ ਰਾਏ, ਜਸਵੀਰ ਰਾਣਾ,ਮਨਜਿੰਦਰ ਧਨੋਆ, ਗੁਰਮੀਤ ਸਿੰਘ ਸਰਾਂ, ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ. ਦੇਵਿੰਦਰ ਸੈਫੀ, ਗੁਰਸੇਵਕ ਸਿੰਘ ਢਿੱਲੋਂ, ਸੰਪੂਰਨ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਸੁਰਿੰਦਰ ਸਿੰਘ ਖੀਵਾ, ਮਦਨ ਵੀਰਾ, ਵਿਸ਼ਾਲ, ਅਨਿਲ ਫਤਿਹਗੜ੍ਹ ਜੱਟਾਂ ਅਤੇ ਐਸ ਨਸੀਮ ਨੇ ਵੀ ਪੰਜਾਬੀ ਦੇ ਹੱਕ ਵਿਚ ਗੱਲ ਕੀਤੀ ।
Leave a Comment
Your email address will not be published. Required fields are marked with *