ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪ੍ਰਸਿੱਧ ਦਾਨੀ ਅਤੇ ਸਮਾਜਸੇਵੀ ਐੱਸ.ਪੀ. ਸਿੰਘ ਉਬਰਾਏ ਵੱਲੋਂ ਚਲਾਇਆ ਜਾ ਰਿਹਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਬੇਸਹਾਰਾ, ਦੁਖੀਆਂ, ਗਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਮਦੱਦ ਕਰ ਰਿਹਾ ਹੈ। ਪੰਜਾਬ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਫਰੀਦਕੋਟ ਇਕਾਈ ਵੱਲੋਂ ‘ਸੰਨੀ ਰੈਣ ਬਸੇਰਾ ਵਿਖੇ’ ਲੋੜਵੰਦਾਂ ਨੂੰ ਮਹੀਨਾਵਾਰੀ ਪੈਨਸ਼ਨਾਂ ਦੇ ਚੈੱਕ ਵੰਡੇ ਗਏ। ਜਾਣਕਾਰੀ ਦਿੰਦਿਆਂ ਇਕਾਈ ਪ੍ਰਧਾਨ ਭਰਪੂਰ ਸਿੰਘ ਹੁੰਦਲ ਅਤੇ ਪਰਦੀਪ ਚਮਕ ਨੇ ਦੱਸਿਆ ਕਿ ਸ੍ਰ: ਉਬਰਾਏ ਵੱਲੋਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇ ਕੇ ਉਹਨਾਂ ਦੀਆਂ ਲੋੜਾਂ ਲਈ ਆਰਥਿਕ ਮੱਦਦ ਹਰ ਮਹੀਨੇ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਵਲੋਂ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰ.ਓ. ਸਿਸਟਮ ਲਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ। ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬਿਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ। ਉਹਨਾਂ ਦੱਸਿਆ ਕਿ ਮਰੀਜਾਂ ਦੇ ਪਰਿਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ, ਜਿੱਥੇ ਮਰੀਜਾਂ ਦੇ ਵਾਰਸਾਂ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ। ਉਹਨਾਂ ਦੱਸਿਆ ਕਿ ਇੱਥੇ ਹੀ ਕਲੀਨਿਕਲ ਲੈਬਾਰਟਰੀ ਰਾਹੀਂ ਬਹੁਤ ਹੀ ਘੱਟ ਰੇਟਾਂ ’ਤੇ ਟੈਸਟ ਕੀਤੇ ਜਾਂਦੇ ਹਨ, ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਦੇ ਮੈਂਬਰ ਅਤੇ ਅਹੁਦੇਦਾਰ ਵੀ ਹਾਜਰ ਸਨ।