ਤੈਨੂੰ ਲਾਹਨਤਾਂ ਪੈਂਦੀਆਂ ਨੇ, ਸਰਸਾ ਦੀਏ ਨਦੀਏ ਨੀ,
ਆਖਰ ਤੂੰ ਵੀ ਤਾਂ, ਰੱਜ ਕੇ, ਕਹਿਰ ਗੁਜਾਰਿਆ ਸੀ।
ਜੇ ਨੰਦਾਂ ਦੀ ਪੁਰੀ ਨੂੰ ਛੱਡ ਕੇ,ਆਣ ਬੈਠੇ ਸੀ ਤੇਰੇ ਕੰਢੇ,
ਤੈਥੋਂ ਕਿਉਂ ਨਾ ਪਾਪਣੇ, ਗਿਆ ਸਹਾਰਿਆ ਸੀ।
ਠੰਢ ਕਹਿਰ ਦੀ ਰਾਤ ਪੋਹ ਦੀ ਸੀ ਸੀਤ ਠੰਢੀ,
ਤੂੰ ਕਰਨਾ ਸੀ ਧੋਖਾ,ਪਹਿਲਾਂ ਹੀ ਮਨ ਵਿੱਚ ਧਾਰਿਆ ਸੀ
ਤੇਰਾ ਤਪਦਾ ਹਿਰਦਾ,ਕਿਉਂ ਨਾ ਉਂਦੋ ਸ਼ਾਂਤ ਹੋਇਆ,
ਕੀਰਤਨ ਆਸਾ ਦੀ ਵਾਰ ਦਾ ਤੇਰੇ ਕੰਢੇ ਤੇ ਉਚਾਰਿਆ ਸੀ।
ਕਿਹੜੇ ਜਨਮਾਂ ਦਾ ਕਲਗੀਆਂ ਵਾਲੇ ਤੋਂ, ਤੂੰ ਲਿਆ ਬਦਲਾ,
ਜਖਮੀ ਸੱਪ ਵਾਂਗਰਾ ਉੱਛਲ ਕੇ ਤੂੰ ਫੂੰਕਾਰਿਆ ਸੀ।
ਤੇਜ ਹਵਾ ਨਾਲ ਰਲ ਕੇ ਤੇ,ਮਾਰੀਆਂ ਤੂੰ ਖੂਬ ਛੱਲਾਂ,
ਬੇਸ਼ੁਮਾਰ ਕੀਮਤੀ ਸਮਾਨ ਟੋਹ ਟੋਹ ਕੇ ਤੂੰ ਖਿਲਰਿਆ ਸੀ।
ਖਾਲਸੇ ਪੰਥ ਦਾ ਜੇ ਤੂੰ ਕਹਿੰਨੀ ਐਂ ਬੜਾ ਨੁਕਸਾਨ ਕੀਤਾ,
ਕਲਗੀਆਂ ਵਾਲੇ ਨੇ ਫਿਰ ਵੀ ਹੌਂਸਲਾ ਨਹੀਂ ਹਾਰਿਆ ਸੀ ।
ਦਸ਼ਮੇਸ਼ ਪਿਤਾ ਦਾ ਪਰਿਵਾਰ ਕਰ ਖੇਰੂੰ ਖੇਰੂੰ ਤੂੰ ਦਿੱਤਾ,
ਅਨੰਦਪੁਰ ਸਾਹਿਬ ਛੱਡ ਕੇ ਰਸਤੇ ਆਪਣੇ ਜਾ ਰਿਹਾ ਸੀ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਵਿਛੜਨਗੇ ਐਂਦਾ ?
ਹੋਇਆ ਉਹ ਜਿਹੜਾ, ਕਦੇ ਨਾ ਮਨ ਚ ਵਿਚਾਰਿਆ ਸੀ।
ਉਸ ਦਿਨ ਤੋਂ ਵੀਰਿਆ ਨਾ ਪਰਿਵਾਰ ਦਾ ਮੇਲ ਹੋਇਆ,
ਲੋਹੜਾ ਜਿਸ ਦਿਨ ਤੋਂ ਸਰਸਾ ਨਦੀਏ ਤੂੰ ਮਾਰਿਆ ਸੀ ।
ਲੋਹੜਾ ਜਿਸ ਦਿਨ ਤੋਂ ਸਰਸਾ ਨਦੀਏ ਤੂੰ ਮਾਰਿਆ ਸੀ ।
ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਪੀਰ ਮੁਹੰਮਦ
ਮੋਬ÷9855069972–9780253156
Leave a Comment
Your email address will not be published. Required fields are marked with *