ਸਰੀ, 25 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਪ੍ਰਸਿੱਧ ਚਿੱਤਰਕਾਰ ਅਤੇ ਕਵੀ ਇਮਰੋਜ਼ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਕ ਸ਼ੋਕ ਮੀਟਿੰਗ ਦੌਰਾਨ ਇਮਰੋਜ਼ ਨੂੰ ਯਾਦ ਕਰਦਿਆਂ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਮਰੋਜ਼ ਨੇ ਆਪਣੀ ਪਾਕਿ ਮੁਹੱਬਤ ਲਈ ਆਪਣਾ ਸਾਰਾ ਕੁਝ ਕੁਰਬਾਨ ਕੀਤਾ ਅਤੇ ਇਮਰੋਜ਼ ਤੇ ਅੰਮ੍ਰਿਤਾ ਪ੍ਰੀਤਮ ਨੇ ਸਾਡੇ ਸਮਿਆਂ ਵਿੱਚ ਮੁਹੱਬਤ ਦੀ ਸੱਚੀ ਸੁੱਚੀ ਮਿਸਾਲ ਕਾਇਮ ਕੀਤੀ। ਉਹ 40 ਸਾਲ ਇਕੱਠੇ ਰਹੇ ਅਤੇ ਸਮਾਜ ਦੇ ਰਵਾਇਤੀ ਬੰਧਨਾਂ ਦੀ ਕੋਈ ਪਰਵਾਹ ਨਾ ਕਰਦਿਆਂ ਪਿਆਰ-ਮੁਹੱਬਤ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ। ਇਮਰੋਜ਼ ਨੇ ਅੰਮ੍ਰਿਤਾ ਪ੍ਰੀਤਮ ਦੀ ਮੌਤ ਤੋਂ ਬਾਅਦ ਕਵਿਤਾ ਵੀ ਲਿਖੀ। ਉਹ ਬਹੁਤ ਹੀ ਵਧੀਆ ਚਿੱਤਰਕਾਰ ਦੇ ਨਾਲ ਨਾਲ ਵਧੀਆ ਸ਼ਾਇਰ ਵੀ ਸਨ।
ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਇਮਰੋਜ਼ ਨੇ ਅੰਮ੍ਰਿਤਾ ਪ੍ਰੀਤਮ ਦੀ ਮੁਹੱਬਤੀ ਛਤਰ ਛਾਇਆ ਦੀ ਬਦੌਲਤ ਆਪਣੀ ਚਿੱਤਰਕਲਾ ਨੂੰ ਪੂਰਨ ਰੂਪ ਵਿਚ ਪ੍ਰਦਰਸ਼ਿਤ ਕਰਨ ਅਤੇ ਵਡਿਆਉਣ ਦਾ ਮੌਕਾ ਨਹੀਂ ਦਿੱਤਾ ਅਤੇ ਸ਼ਾਇਦ ਏਸੇ ਕਰਕੇ ਹੀ ਉਨ੍ਹਾਂ ਦੀ ਕਲਾ ਦਾ ਓਨਾ ਮੁੱਲ ਨਹੀਂ ਪਿਆ ਜਿੰਨੇ ਦੇ ਉਹ ਹੱਕਦਾਰ ਸਨ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਇਮਰੋਜ਼ ਦਾ ਅੰਮ੍ਰਿਤਾ ਪ੍ਰੀਤਮ ਨਾਲ ਰਿਸ਼ਤਾ ਨਿਰਸਵਾਰਥ ਸੀ। ਉਨ੍ਹਾਂ ਆਪਣੀ ਮੁਹੱਬਤ ਲਈ ਸਭ ਕੁਝ ਅਰਪਨ ਕਰ ਦਿੱਤਾ। ਉਹ ਮੁਹੱਬਤ ਨੂੰ ਸਮਰਪਤ ਇਕ ਸਾਕਾਰ ਮੂਰਤ ਸਨ। ਸ਼ਾਇਰ ਹਰਦਮ ਸਿੰਘ ਮਾਨ ਨੇ ਕਿਹਾ ਕਿ ਉੱਘੇ ਚਿੱਤਰਕਾਰ ਤੇ ਕਵੀ ਇਮਰੋਜ਼ ਨੇ ਅੱਖਰਕਾਰੀ ਅਤੇ ਪੁਸਤਕਾਂ ਦੇ ਟਾਈਟਲ ਬਣਾਉਣ ਵਿੱਚ ਵੱਖਰੀ ਸ਼ੈਲੀ ਦਾ ਵਿਕਾਸ ਕੀਤਾ। ਉਨ੍ਹਾਂ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਅਨੇਕਾਂ ਕਿਤਾਬਾਂ ਦੇ ਸਰਵਰਕ ਤਿਆਰ ਕੀਤੇ ਅਤੇ ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾ ਕੇ ਇਸ ਦੀ ਦਿੱਖ ਨੂੰ ਹੋਰਨਾਂ ਪੰਜਾਬੀ ਰਸਾਲਿਆਂ ਤੋਂ ਵਿਲੱਖਣ ਬਣਾਇਆ।
ਅੰਗਰੇਜ਼ ਬਰਾੜ ਨੇ ਕਿਹਾ ਕਿ ਇਮਰੋਜ਼ ਨੇ ਅੰਮ੍ਰਿਤਾ ਨੂੰ ਆਖਰੀ ਪਲਾਂ ਵਿੱਚ ਬੱਚਿਆਂ ਦੀ ਤਰ੍ਹਾਂ ਸੰਭਾਲਿਆ ਅਤੇ ਅੰਮ੍ਰਿਤਾ ਨੇ ਉਨ੍ਹਾਂ ਦੇ ਹੱਥਾਂ ਵਿੱਚ ਹੀ ਆਖਰੀ ਸਾਹ ਲਿਆ। ਉਸ ਸਮੇਂ ਇਮਰੋਜ਼ ਨੇ ਕਿਹਾ ਸੀ ਕਿ ਇੱਕ ਖੁਸ਼ਨਸੀਬ ਰੂਹ ਨੇ ਆਪਣਾ ਮੁਕਾਮ ਪਾ ਲਿਆ ਹੈ। ਇਸ ਤੋਂ ਵੱਡੀ ਮੁਹੱਬਤੀ ਸਮਰਪਣ ਦੀ ਭਾਵਨਾ ਹੋਰ ਕੀ ਹੋ ਸਕਦੀ ਹੈ। ਸ਼ਾਇਰ ਅਸ਼ੋਕ ਭਾਰਗਵ ਨੇ ਇਮਰੋਜ਼ ਅਤੇ ਅੰਮ੍ਰਿਤਾ ਪ੍ਰੀਤਮ ਦੇ ਰਿਸ਼ਤੇ ਦੀ ਖੂਬਸੂਰਤੀ ਦੀ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਦੂਜੇ ਦੇ ਕੰਮ ਅਤੇ ਕਲਾ ਦੀ ਪੂਰੀ ਕਦਰ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਇੱਕ ਦੂਜੇ ‘ਤੇ ਆਪਣਾ ਹੱਕ ਨਹੀਂ ਸੀ ਜਤਾਇਆ ਸਗੋਂ ਉਹ ਇੱਕ ਦੂਜੇ ਲਈ ਬਿਨਾਂ ਕਿਸੇ ਲੋਭ ਲਾਲਚ ਤੋਂ ਥੰਮ੍ਹ ਵਾਂਗ ਖੜ੍ਹਦੇ ਰਹੇ।
Leave a Comment
Your email address will not be published. Required fields are marked with *