ਸਰੀ, 24 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਦਦ ਕਾਰਜ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਪਣੀ ਇਮਾਰਤ ਵਿੱਚ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ (ISU) ਦਾ ਦਫਤਰ ਸਥਾਪਿਤ ਕੀਤਾ ਗਿਆ ਹੈ। ਇਸ ਦਫਤਰ ਦਾ ਉਦਘਾਟਨ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵੈਨਕੂਵਰ ਵਿੱਚ ਭਾਰਤ ਦੇ ਕੌਂਸਲ ਜਨਰਲ ਮਿਸਟਰ ਮਨੀਸ਼, ਸਰੀ ਬੋਰਡ ਆਫ਼ ਟਰੇਡ ਦੇ ਪ੍ਰਧਾਨ ਅਨੀਤਾ ਹਬਰਮੈਨ, ਪਿਕਸ ਦੇ ਸੀਈਓ ਸਤਬੀਰ ਚੀਮਾ, ਆਈਐਸਯੂ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ, ਪਿਕਸ ਬੋਰਡ ਦੇ ਮੈਂਬਰ ਅਤੇ ਸੁਸਾਇਟੀ ਦੇ ਹੋਰ ਆਗੂ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਮੇਅਰ ਬ੍ਰੈਂਡਾ ਲੌਕ ਨੇ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਨੂੰ ਇਹ ਸਪੇਸ, ਸੇਵਾਵਾਂ ਅਤੇ ਪ੍ਰੋਗਰਾਮ ਪ੍ਰਦਾਨ ਕਰਨ ਲਈ ਪਿਕਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯਕੀਨਨ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਪ੍ਰਬੰਧਕੀ ਸੇਵਾਵਾਂ ਪ੍ਰਦਾਨ ਕਰੇਗਾ ਜੋ ਸਰੀ ਨੂੰ ਆਪਣਾ ਘਰ ਕਹਿੰਦੇ ਹਨ। ਇਹ ਨੌਜਵਾਨ ਆਪਣੇ ਭਵਿੱਖ ਲਈ ਉਮੀਦਾਂ ਅਤੇ ਵਾਅਦਿਆਂ ਨਾਲ ਸਾਡੇ ਦੇਸ਼ ਵਿੱਚ ਆਉਂਦੇ ਹਨ। ਪਿਕਸ ਦਾ ਇਹ ਕਦਮ ਵਿਦਿਆਰਥੀਆਂ ਨੂੰ ਸਰੋਤ ਲੱਭਣ, ਸੱਭਿਆਚਾਰਕ ਨਿਯਮਾਂ ਨੂੰ ਸਮਝਣ ਅਤੇ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਕੌਂਸਲ ਜਨਰਲ ਮਨੀਸ਼ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 25% ਬ੍ਰਿਟਿਸ਼ ਕੋਲੰਬੀਆ ਵਿੱਚ ਆਉਂਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਵੱਡਾ ਹਿੱਸਾ ਗ੍ਰੇਟਰ ਵੈਨਕੂਵਰ ਖੇਤਰ ਦੇ ਆਲੇ-ਦੁਆਲੇ ਵਸਦਾ ਹੈ। ਪਿਕਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਸੀ ਸਾਂਝੇਦਾਰੀ ਬਣਾਉਣ ਅਤੇ ਸਲਾਹ ਪ੍ਰਦਾਨ ਕਰਨ ਲਈ ਕੀਤੀ ਗਈ ਇਹ ਪਹਿਲ ਸ਼ਲਾਘਾਯੋਗ ਹੈ।
ਪਿਕਸ ਦੇ ਸੀ.ਈ.ਓ. ਅਤੇ ਪ੍ਰਧਾਨ ਸਤਬੀਰ ਚੀਮਾ ਨੇ ਕਿਹਾ ਕਿ ਸੀਮਤ ਸਰਕਾਰੀ ਫੰਡਿੰਗ ਦੀਆਂ ਚੁਣੌਤੀਆਂ ਦੇ ਬਾਵਜੂਦ, ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀ ਮਦਦ ਲਈ ਵਚਨਬੱਧ ਰਹੇ ਹਾਂ, ਉਹਨਾਂ ਲਈ ਨੌਕਰੀਆਂ ਸੁਰੱਖਿਅਤ ਕਰਨ ਅਤੇ ਕੈਨੇਡਾ ਵਿੱਚ ਸਫਲਤਾਪੂਰਵਕ ਸੈਟਲ ਹੋਣ ਵਿੱਚ ਮਦਦ ਕਰਨ ਲਈ ਪਿਕਸ ਵੱਲੋਂ 8 ਵੱਖ ਵੱਖ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪਿਕਸ ਦੀ ਇਮਾਰਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਨੂੰ ਇਕ ਸਮਰਪਿਤ ਜਗ੍ਹਾ ਪ੍ਰਦਾਨ ਕਰਨ ਦੀ ਇਹ ਪਹਿਲਕਦਮੀ ਸਾਡੇ ਪ੍ਰਭਾਵ ਨੂੰ ਵਧਾਉਣ ਦੀ ਨਿਸ਼ਾਨਦੇਹੀ ਕਰਦੀ ਹੈ। ਸਾਨੂੰ ਉਮੀਦ ਹੈ ਕਿ ਇਹ ਸਹਿਯੋਗੀ ਯਤਨ ਸਾਡੇ ਮਿਸ਼ਨ ਨੂੰ ਅੱਗੇ ਵਧਾਏਗਾ ਅਤੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਫਲਤਾ ਅਤੇ ਆਪਸੀ ਸਾਂਝ ਨੂੰ ਉਤਸ਼ਾਹਿਤ ਕਰੇਗਾ।
ਸਰੀ ਬੋਰਡ ਆਫ਼ ਟਰੇਡ ਦੇ ਪ੍ਰਧਾਨ ਅਨੀਤਾ ਹਿਊਬਰਮੈਨ ਨੇ ਕਿਹਾ ਕਿ ਪਿਕਸ ਦਾ ਕਦਮ ਦਰਸਾਉਂਦਾ ਹੈ ਕਿ ਪਿਕਸ ਵਿਦਿਆਰਥੀਆਂ ਲਈ ਇੱਕ ਸਹਾਇਕ ਈਕੋਸਿਸਟਮ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅੰਤਰਰਾਸ਼ਟਰੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਨੇ ਪਿਕਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਥਾਨਕ ਭਾਈਚਾਰੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਾੜੇ ਨੂੰ ਭਰਨਾ ਚਾਹੁੰਦੇ ਹਾਂ। ਪਿਕਸ, ਸਿਟੀ ਆਫ ਸਰੀ ਅਤੇ ਸਰੀ ਬੋਰਡ ਆਫ ਟਰੇਡ ਦਾ ਸਮਰਥਨ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡੀਅਨ ਕੌਸਲੇਟ ਅਧਿਕਾਰੀ ਰਾਹੁਲ ਨੇਗੀ, ਇਵਾਨ ਸਕੌਟ, ਪਰਮਿੰਦਰ ਥਿੰਦ, ਡਾ. ਜਸਵਿੰਦਰ ਸਿੰਘ ਦਿਲਾਵਰੀ, ਅੰਮ੍ਰਿਤ ਢੋਟ, ਹੈਰੀ ਕੂਨਰ, ਹਰਪ੍ਰੀਤ ਸਿੰਘ ਤੇ ਸਟੂਡੈਂਟਸ ਯੂਨੀਅਨ ਦੇ ਆਗੂ ਹਾਜ਼ਰ ਸਨ।
Leave a Comment
Your email address will not be published. Required fields are marked with *