ਬਠਿੰਡਾ,18 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਸਮੇਂ ਸਮਾਜ ਅੰਦਰ ਘਰ ਕਰ ਚੁੱਕੀਆਂ ਨਸ਼ਾਖੋਰੀ, ਰਿਸ਼ਵਤ, ਭ੍ਰਿਸ਼ਟਾਚਾਰ ਆਦਿ ਬੁਰਾਈਆਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਗੰਧਲਾ ਕਰ ਰੱਖਿਆ ਹੈ। ਇਹਨਾ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ,ਕਮਜ਼ੋਰ ਨਾਲ ਡੱਟ ਕੇ ਖੜਨ ਵਾਲੇ ਅਤੇ ਜ਼ੋਰਾਵਰ ਲੋਕਾਂ ਦੀ ਧੱਕੇਸ਼ਾਹੀ ਦਾ ਨਿੱਡਰਤਾ ਨਾਲ ਵਿਰੋਧ ਕਰਨ ਵਾਲੇ ਲੋਕ ਹਮੇਸ਼ਾਂ ਸਮਾਜ ਦੀ ਇੱਜ਼ਤ ਅਤੇ ਸਤਿਕਾਰ ਦੇ ਪਾਤਰ ਹੁੰਦੇ ਹਨ। ਕੁੱਝ ਅਜਿਹੀ ਹੀ ਸ਼ਖਸ਼ੀਅਤ ਦਾ ਮਾਲਕ ਸੀ ਸਾਡਾ ਪੱਤਰਕਾਰ ਸਾਥੀ ਸੰਜੇ ਸ਼ਰਮਾ। ਜਿਕਰਯੋਗ ਹੈ ਕਿ ਸੀਨੀਅਰ ਪੱਤਰਕਾਰ ਅਤੇ ਦਾ ਬ੍ਰਾਈਟ ਪੰਜਾਬ ਰਿਪੋਰਟ ਦੇ ਮੁੱਖ ਸੰਪਾਦਕ ਸੰਜੇ ਸ਼ਰਮਾ ਦਾ 9 ਫਰਵਰੀ, 2024 ਨੂੰ ਨਿਮੋਨੀਆ ਕਾਰਨ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ 20 ਫਰਵਰੀ, 2024, ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸੰਪੰਨ ਹੋਵੇਗਾ। ਸਵਰਗੀ ਸੰਜੇ ਸ਼ਰਮਾ ਦੇ ਵੱਡੇ ਸਪੁੱਤਰ ਕੁਨਾਲ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਮਕਾਨ ਨੰਬਰ 28513, ਗਲੀ ਨੰਬਰ 12, ਸੁਰਖਪੀਰ ਰੋਡ, ਬਠਿੰਡਾ ਵਿਖੇ ਸੰਪੰਨ ਹੋਵੇਗਾ। ਸਵਰਗੀ ਸੰਜੇ ਸ਼ਰਮਾ ਨੇ ਪੱਤਰਕਾਰੀ ਰਾਹੀਂ ਸਮਾਜ ਵਿੱਚ ਫੈਲੀਆਂ ਕਈ ਬੁਰਾਈਆਂ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸਮਾਜ ਲਈ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।