ਅਹਿਮਦਗੜ੍ਹ 8 ਮਈ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼ )
ਰੈੱਡ ਕਰਾਸ ਸੰਸਥਾ ਦਾ ਮੂਲ ਸਿਧਾਂਤ ਕਿਸੇ ਤੋਂ ਪੈਸੇ ਲਏ ਬਿਨਾਂ ਮਦਦ ਕਰਨਾ ਹੈ, ਭਾਵੇਂ ਕੋਈ ਵੀ ਹਾਲਾਤ ਕਿਉਂ ਨਾ ਹੋਣ। ਜਿੱਥੇ ਕਈ ਵਾਰ ਸਰਕਾਰ ਵੀ ਕੁਝ ਨਹੀਂ ਕਰ ਸਕਦੀ, ਉੱਥੇ ਰੈੱਡ ਕਰਾਸ ਸੰਸਥਾ ਹੈ ਜੋ ਕਿ ਔਖੇ ਸਮੇਂ ਵਿੱਚ ਵੀ ਲੋਕਾਂ ਦੀ ਮਦਦ ਕਰਦੀ ਹੈ। ਰੈੱਡ ਕਰਾਸ ਸੰਸਥਾ ਦੇ ਮੂਲ ਸਿਧਾਂਤ “ਮਨੁੱਖਤਾ, ਨਿਰਪੱਖਤਾ, ਸੁਤੰਤਰਤਾ, ਸਵੈ-ਇੱਛਤ ਸੇਵਾ, ਸਰਵਵਿਆਪਕਤਾ ਅਤੇ ਏਕਤਾ” ਆਦਿ ਹਨ। ਇਨ੍ਹਾਂ ਆਦਰਸ਼ਾਂ ਨੂੰ ਮੁੱਖ ਰੱਖ ਕੇ ਵੱਖ-ਵੱਖ ਦੇਸ਼ਾਂ ਵਿਚ ਇਹ ਸੰਸਥਾਵਾਂ ਉਨ੍ਹਾਂ ਦੇ ਮਾਰਗ ‘ਤੇ ਅੱਗੇ ਵਧ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੱਖੋਵਾਲ ਦੇ ਲੈਕਚਰਾਰ ਲਲਿਤ ਗੁਪਤਾ ਨੇ ਦੱਸਿਆ ਕਿ ਰੈੱਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਨੂੰ ਕਿਹਾ ਜਾਂਦਾ ਹੈ ਜਦਕਿ ਸੇਵਾ ਦੇ ਪੁੰਜ ਭਾਈ ਘਨਈਆ ਜੀ ਨੇ ਹੈਨਰੀ ਡਿਊਨਾ ਦੇ ਜਨਮ ਤੋਂ 124 ਸਾਲ ਪਹਿਲਾਂ 1704 ਵਿੱਚ ਹੀ ਰੈਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਆਨੰਦਪੁਰ ਸਹਿਬ ਵਿੱਚ ਚਲ ਰਹੇ ਯੁੱਧ ਸਮੇਂ ਕੁਝ ਸਿੰਘਾਂ ਨੇ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨਈਆ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ। ਭਾਈ ਘਨਈਆ ਨੇ ਕਿਹਾ ਕਿ ਮੈਨੂੰ ਇਥੇ ਕੋਈ ਵੈਰੀ ਨਹੀਂ ਦਿਸਦਾ।ਸਾਰੇ ਪਿਆਸੇ ਅਤੇ ਇਕੋ ਜਿਹੇ ਇਨਸਾਨ ਦਿਸਦੇ ਹਨ ਇਸ ਲਈ ਮੈਂ ਸਾਰਿਆਂ ਨੂੰ ਪਾਣੀ ਪਿਲਾਉਦਾ ਹਾਂ। ਭਾਈ ਘਨਈਆ ਜੀ ਦੇ ਬੋਲਾਂ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਮੱਲ੍ਹਮ ਪੱਟੀ ਦਾ ਡੱਬਾ ਫੜਾ ਕੇ ਕਿਹਾ ਜਿਥੇ ਤੂੰ ਪਿਆਸਿਆਂ ਨੂੰ ਪਾਣੀ ਪਿਲਾ ਕੇ ਪਿਆਸ ਦੂਰ ਕਰਦਾ ਹੈ ਹੁਣ ਉਥੇ ਜ਼ਖਮੀਆਂ ਦੇ ਮਲਮ ਪੱਟੀ ਕਰਕੇ ਦੁੱਖ ਵੀ ਦੂਰ ਕਰਿਆ ਕਰ। ਇਹ ਸੇਵਾ ਦਾ ਸੰਕਲਪ ਹੀ ਰੈਡ ਕਰਾਸ ਦੀ ਰੂਹ ਬਣਿਆ।
ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਦੇ ਪ੍ਰਧਾਨ ਰਮਨ ਸੂਦ ਨੇ ਦੱਸਿਆ ਕਿ 25 ਅਕਤੂਬਰ 1863 ਨੂੰ 14 ਦੇਸ਼ਾਂ ਨੇ ਰੈਡ ਕਰਾਸ ਸੰਸਥਾ ਦਾ ਗਠਨ ਕੀਤਾ। ਸਵਿਟਜ਼ਰਲੈਂਡ ਦਾ ਝੰਡਾ ਉਲਟਾ ਕਰਕੇ ਰੈਡ ਕਰਾਸ ਦਾ ਝੰਡਾ ਹੋਂਦ ਵਿੱਚ ਆਇਆ ਜੋ ਕਿ ਪੰਜ ਵਰਗਾਂ ਨੂੰ ਜੋੜ ਕੇ ਬਣਾਇਆ ਗਿਆ।
ਅਗਰਸੈਨ ਧਾਮ ਲੁਧਿਆਣਾ ਬ੍ਰਾਂਚ ਯੁਵਕ ਮੰਡਲ ਅਹਿਮਦਗੜ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਸ਼ੁਰੂ ਵਿੱਚ ਇਸ ਸੰਸਥਾ ਦਾ ਉਦੇਸ਼ ਜਖਮੀ ਸੈਨਿਕਾਂ ਦੀ ਫਸਟ ਏਡ ਦੇ ਕੇ ਸਹਾਇਤਾ ਕਰਨਾ ਸੀ ਪਰ ਹੁਣ ਇਸ ਦਾ ਘੇਰਾ ਵਧਾ ਕੇ ਕੁਦਰਤੀ ਆਫਤਾਂ,ਅਪਾਹਜਾਂ, ਸ਼ਰਨਾਰਥੀਆਂ,ਕੈਦੀਆਂ, ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਅਤੇ ਬਿਮਾਰੀਆਂ ਵਿੱਚ ਓਹਨਾਂ ਦੀ ਮਦਦ ਕਰਨੀ ਵੀ ਹੈ।
Leave a Comment
Your email address will not be published. Required fields are marked with *