ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਹਾਇਕ ਸਿਵਲ ਸਰਜਨ ਫਰੀਦਕੋਟ ਡਾ. ਮਨਦੀਪ ਕੌਰ ਖੰਗੂੜਾ ਦੇ ਆਪਣੇ ਸਹਿਯੋਗੀ ਸਟਾਫ ਮੈਂਬਰਾਂ ਨਾਲ ਕੀਤੇ ਜਾਂਦੇ ਅਪਮਾਨਜਨਕ ਤੇ ਮਾੜੇ ਵਿਵਹਾਰ ਕਾਰਨ ਸਮੁੱਚੇ ਫਰੀਦਕੋਟ ਜਿਲ੍ਹੇ ’ਚ 23 ਨਵੰਬਰ ਤੋਂ 1 ਦਸੰਬਰ 2023 ਤੱਕ ਸਿਵਲ ਸਰਜਨ ਫਰੀਦਕੋਟ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਜਾਰੀ ਰਿਹਾ ਤੇ ਐਮਰਜੈਂਸੀ ਸੁਬਾਵਾਂ ਨੂੰ ਛੱਡ ਕੇ ਸਾਰੀਆਂ ਸਿਹਤ ਸੇਵਾਵਾਂ ਪੂਰੀ ਤਰਾਂ ਠੱਪ ਰਹੀਆਂ ਸਨ ਤੇ ਇਹ ਮਾਮਲਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਿਤੀ 1 ਦਸੰਬਰ ਨੂੰ ਸਬੰਧਤ ਡਾਕਟਰ ਨੂੰ ਬਤੌਰ ਪਰਿਵਾਰ ਦੇ ਭਲਾਈ ਅਫਸਰ ਫਿਰੋਜਪੁਰ ਵਜੋਂ ਆਰਜੀ ਤੌਰ ’ਤੇ ਭੇਜਣ ਨਾਲ ਹੀ ਸ਼ਾਂਤ ਹੋਇਆ ਸੀ। ਲਗਭਗ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਦਾ ਪੱਕੇ ਤੌਰ ’ਤੇ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਇਸ ਸਬੰਧ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੁਰਿੰਦਰ ਕੁਮਾਰ ਪੁਆਰੀ, ਪ੍ਰੇਮ ਚਾਵਲਾ, ਗੁਰਮੇਲ ਸਿੰਘ ਮੈਲਡੇ, ਅਸ਼ੋਕ ਕੌਸਲ, ਕੁਲਵੰਤ ਸਿੰਘ ਚਾਨੀ, ਨਛੱਤਰ ਸਿੰਘ ਭਾਣਾ, ਇਕਬਾਲ ਸਿੰਘ ਢੁੱਡੀ, ਬਲਕਾਰ ਸਿੰਘ ਸਹੋਤਾ, ਸੁਖਜਿੰਦਰ ਸਿੰਘ ਤੂੰਬੜਭੰਨ ਨੇ ਕਿਹਾ ਕਿ ਅਜੇ ਤੱਕ ਸਬੰਧਤ ਡਾ. ਮਨਦੀਪ ਕੌਰ ਖੰਗੂੜਾ ਦੀ ਬਦਲੀ ਦੇ ਹੁਕਮ ਜਾਰੀ ਨਾ ਹੋਣ ਕਾਰਨ ਸੰਘਰਸ਼ਸ਼ੀਲ ਸਮੂਹ ਜਥੇਬੰਦੀਆਂ ਤੇ ਭਰਾਤਰੀ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਡਾਕਟਰ ਮਨਦੀਪ ਕੌਰ ਖੰਗੂੜਾ ਦੀ ਤੁਰਤ ਪੱਕੇ ਤੌਰ ’ਤੇ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਸੰਘਰਸ਼ਸ਼ੀਲ ਸਾਰੇ ਲੋਕਾਂ ਨੂੰ ਇਨਸਾਫ ਮਿਲ ਸਕੇ।