ਕੁਆਲਟੀ ਕੰਟਰੋਲ ਤਹਿਤ ਵੱਖ-ਵੱਖ ਖਾਦਾਂ ਦੀ ਸੈਂਪਲਿੰਗ ਕੀਤੀ ਗਈ : ਡਾ. ਗਿੱਲ
ਫਰੀਦਕੋਟ, 30 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਡਾ.ਪਰਮਿੰਦਰ ਸਿੰਘ ਏ.ਡੀ.ਓ. (ਇਨਫੋਰਸਮੈਂਟ) ਫਰੀਦਕੋਟ, ਡਾ.ਰੁਪਿੰਦਰ ਸਿੰਘ ਏ.ਡੀ.ਓ. (ਬੀਜ) ਅਤੇ ਡਾ.ਰਮਨਦੀਪ ਸਿੰਘ ਏ.ਡੀ.ਓ. (ਪੀ.ਪੀ) ਬਲਾਕ ਫਰੀਦਕੋਟ ਵੱਲੋਂ ਮਿਤੀ 28/11/2023 ਨੂੰ ਜਿਲ੍ਹਾ ਫਰੀਦਕੋਟ ਵਿੱਚ ਮੌਜੂਦ ਸਹਿਕਾਰੀ ਸਭਾਵਾਂ ਵਿੱਚੋਂ ਮਨਜੀਤ ਇੰਦਰਪੁਰਾ ਬਹੁ-ਮੰਤਵੀ ਸੇਵਾ ਸਭਾ ਲਿਮ: ਫਰੀਦਕੋਟ ਅਤੇ ਪ੍ਰਾਈਵੇਟ ਡੀਲਰਾਂ ਦੀ ਸਾਦਿਕ ਅਤੇ ਜੰਡ ਸਹਿਬ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਮੇਂ ਵੱਖ-ਵੱਖ ਖਾਦਾਂ ਦੇ ਸੇਲ ਅਤੇ ਸਟਾਕ ਸਬੰਧੀ ਰਿਕਾਰਡ ਦੀ ਪੜਤਾਲ ਅਤੇ ਕੁਆਲਟੀ ਕੰਟਰੋਲ ਤਹਿਤ ਵੱਖ-ਵੱਖ ਖਾਦਾਂ ਦੀ ਸੈਂਪਲਿੰਗ ਕੀਤੀ ਗਈ। ਇਸ ਤੋਂ ਇਲਾਵਾ ਸਹਿਕਾਰੀ ਸਭਾ ਵਿੱਚ ਹਾੜ੍ਹੀ 2023-24 ਦੌਰਾਨ ਕਣਕ ਦੀ ਫਸਲ ਦੀ ਬਿਜਾਈ ਲਈ ਸਪਲਾਈ ਹੋਏ ਕਣਕ ਦੇ ਬੀਜ ਅਤੇ ਡੀ.ਏ.ਪੀ. ਖਾਦ ਦੇ ਰਿਕਾਰਡ ਸਬੰਧੀ ਵਿਸ਼ੇਸ ਤੌਰ ‘ਤੇ ਪੜਤਾਲ ਕੀਤੀ ਗਈ ।ਇਸ ਸਮੇ ਰਿਕਾਰਡ ਵਿੱਚ ਪਾਈਆਂ ਗਈਆਂ ਊਣਤਾਈਆਂ ਸਬੰਧੀ ਸਭਾ ਦੇ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਅਤੇ ਪਾਈਆਂ ਗਈਆਂ ਊਣਤਾਈਆਂ ਸਬੰਧੀ ਖਾਦ ਕੰਟਰੋਲ ਹੁਕਮ 1985 ਤਹਿਤ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ।ਇਸ ਸਮੇਂ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਸਹਿਕਾਰੀ ਸਭਾਵਾਂ ਵਿੱਚੋਂ ਖੇਤੀ ਸਮੱਗਰੀ ਲੈਣ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ ਜਾਂ ਦਫਤਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਇਸ ਸਮੇਂ ਸ੍ਰੀ ਹਰਜਿੰਦਰ ਸਿੰਘ ਖੇਤੀਬਾੜੀ ਉਪ-ਨਿਰੀਖਕ ਅਤੇ ਸ੍ਰੀ ਨਰਿੰਦਰ ਕੁਮਾਰ ਖੇਤੀਬਾੜੀ ਉਪ-ਨਿਰੀਖਕ ਵੀ ਮੌਜੂਦ ਸਨ।
Leave a Comment
Your email address will not be published. Required fields are marked with *