ਸਰਕਾਰ ਦੇ ਨੁਮਾਇੰਦੇ ਅਤੇ ਆਰਸੀਐਮਪੀ ਦੇ ਅਫਸਰ ਵੀ ਸ਼ਾਮਲ ਹੋਏ
ਸਰੀ, 10 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਦਿਕ ਹਿੰਦੂ ਕਲਚਰਲ ਸੁਸਾਇਟੀ ਆਫ ਬੀ ਸੀ ਦੇ ਸੱਦੇ ‘ਤੇ ਬੀਤੇ ਦਿਨ ਸਰੀ ਦੇ ਰਿਫਲੈਕਸ਼ਨ ਬੈਂਕੁਇਟ ਹਾਲ ਵਿੱਚ ਸ਼ਹਿਰ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਭਰਵਾਂ ਇਕੱਠ ਹੋਇਆ ਜਿਸ ਵਿੱਚ ਪਿਛਲੇ ਦਿਨਾਂ ਵਿੱਚ ਵੈਨਕੂਵਰ, ਸਰੀ ਅਤੇ ਐਬਸਫੋਰਡ ਵਿੱਚ ਬਿਜਨਸਮੈਨਾਂ ਨੂੰ ਮਿਲੇ ਜਬਰੀ ਵਸੂਲੀ ਕਰਨ ਦੇ ਧਮਕੀ ਪੱਤਰ, ਟੈਲੀਫੋਨ ਕਾਲਾਂ ਅਤੇ ਡਰਾਉਣ ਧਮਕਾਉਣ ਲਈ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਬਣੇ ਹਾਲਾਤ, ਅਮਨ ਕਾਨੂੰਨ ਦੀ ਸਥਿਤੀ ਅਤੇ ਸੁਰੱਖਿਆ ਉਪਰ ਵਿਚਾਰ ਕੀਤਾ ਗਿਆ। ਇਸ ਇਕੱਤਰਤਾ ਵਿੱਚ ਕਾਰੋਬਾਰੀ ਤੇ ਆਮ ਲੋਕਾਂ ਤੋਂ ਇਲਾਵਾ ਬੀਸੀ ਸਰਕਾਰ ਦੇ ਕੁਝ ਮੰਤਰੀਆਂ, ਸਿਆਸੀ ਆਗੂਆਂ ਅਤੇ ਆਰਸੀਐਮਪੀ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਬੀ ਸੀ ਸਰਕਾਰ ਵੱਲੋਂ ਅਟਾਰਨੀ ਜਰਨਲ ਨਿੱਕੀ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਪਿਛਲੇ ਦਿਨਾਂ ਵਿਚ ਵਾਪਰੀਆਂ ਇਹਨਾਂ ਘਟਨਾਵਾਂ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੁਲਿਸ ਫੋਰਸ ਵੀ ਇਸ ਸੰਬੰਧ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਕਿਸੇ ਵੀ ਘਟਨਾ ਕਿਸੇ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਫੋਰਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਜਾਵੇ। ਸਰੀ ਸੈਂਟਰ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਵੀ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਉੱਪਰ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਕਰਨ ਲਈ ਅਮਨ ਕਾਨੂੰਨ ਬਿਹਤਰ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਵੀ ਇਹਨਾਂ ਘਟਨਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ। ਸ. ਸਰਾਏ ਨੇ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਹਨਾਂ ਘਟਨਾਵਾਂ ਨਾਲ ਜੋੜ ਕੇ ਵੇਖਣਾ ਸਹੀ ਨਹੀਂ ਹੈ ਕਿਉਂਕਿ ਕੌਮਾਂਤਰੀ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ ਮੁਲਕ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ 95 ਫੀਸਦੀ ਵਿਦਿਆਰਥੀ ਬੇਹਦ ਈਮਾਨਦਾਰ ਹਨ। ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਸ਼ਹਿਰ ਵਿੱਚ ਕਾਰੋਬਾਰੀ ਭਾਈਚਾਰੇ ਦੀ ਸੁਰੱਖਿਆ ਆਰਸੀਐਮਪੀ ਬਿਹਤਰ ਕਰ ਸਕਦੀ ਹੈ।
ਇਸ ਮੌਕੇ ਆਰਸੀਐਮਪੀ ਦੇ ਮੁਖੀ ਬਰਾਇਨ ਐਡਵਰਡ ਨੇ ਕਿਹਾ ਕਿ ਬਿਜਨਸ ਭਾਈਚਾਰੇ ਵਿੱਚ ਜੋ ਡਰ ਅਤੇ ਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ ਅਸੀਂ ਉਸ ਨੂੰ ਸਮਝਦੇ ਹਾਂ। ਪਰ ਪੁਲੀਸ ਦੀ ਅਪੀਲ ਹੈ ਕਿ ਅਜਿਹੀ ਕਿਸੇ ਵੀ ਹਾਲਤ ਵਿੱਚ ਪੁਲਿਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਵੈਨਕੂਵਰ, ਸਰੀ ਅਤੇ ਐਬਸਫੋਰਡ ਵਿੱਚ ਬਿਜਨਸ ਭਾਈਚਾਰੇ ਦੇ ਲੋਕਾਂ ਨੂੰ ਜਬਰੀ ਵਸੂਲੀ ਕਰਨ ਦੀਆਂ ਜਿਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ, ਉਸੇ ਤਰ੍ਹਾਂ ਹੀ ਟੋਰਾਂਟੋ, ਬਰੈਂਪਟਨ ਅਤੇ ਐਡਮਿੰਟਨ ਵਿੱਚ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਹਨਾਂ ਸਾਰੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਇੱਕੋ ਹੀ ਢੰਗ ਤਰੀਕਾ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸੋਸ਼ਲ ਮੀਡੀਆ ਉੱਪਰ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਚਰਚਾ ਹੈ ਪਰ ਇਹਨਾਂ ਅਫਵਾਹਾਂ ਉੱਪਰ ਉਦੋਂ ਤੱਕ ਯਕੀਨ ਨਹੀਂ ਕੀਤਾ ਜਾਵੇ ਜਦੋਂ ਤੱਕ ਪੁਲਿਸ ਫੋਰਸ ਕਿਸੇ ਵੀ ਘਟਨਾ ਦੀ ਤਹਿ ਤੱਕ ਜਾ ਕੇ ਅਸਲੀਅਤ ਦਾ ਪਤਾ ਨਹੀਂ ਲਾ ਲੈਂਦੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਲੋਅਰ ਮੇਨਲੈਂਡ ਵਿੱਚ ਅਜਿਹੀਆਂ ਸਿਰਫ ਤਿੰਨ ਘਟਨਾਵਾਂ ਦੀ ਹੀ ਪੁਸ਼ਟੀ ਹੋਈ ਹੈ। ਉਹਨਾਂ ਸਾਰੇ ਲੋਕਾਂ ਨੂੰ ਇੱਕ ਵਾਰ ਫੇਰ ਸੱਦਾ ਦਿੱਤਾ ਕਿ ਜੇਕਰ ਕਿਸੇ ਨੂੰ ਜਬਰੀ ਵਸੂਲੀ ਕਰਨ ਦੀ ਕੋਈ ਧਮਕੀ ਮਿਲੇ ਜਾਂ ਕੋਈ ਅਜਿਹੀ ਜਾਣਕਾਰੀ ਦਾ ਪਤਾ ਲੱਗੇ ਤਾਂ ਤੁਰੰਤ ਉਹਨਾਂ ਨਾਲ ਜਾਂ ਉਹਨਾਂ ਦੀ ਟੀਮ ਦੇ ਕਿਸੇ ਵੀ ਅਫਸਰ ਨਾਲ ਸੰਪਰਕ ਕੀਤਾ ਜਾਵੇ। ਅਜਿਹਾ ਕਰਨ ਨਾਲ ਹੀ ਅਸੀਂ ਕੋਈ ਠੋਸ ਨਤੀਜੇ ਹਾਸਲ ਕਰਨ ਵਿੱਚ ਸਫਲ ਹੋ ਸਕਦੇ ਹਾਂ।
ਇਸ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਬੀਸੀ ਦੇ ਲੇਬਰ ਮੰਤਰੀ ਹੈਰੀ ਬੈਂਸ, ਰਾਜ ਮੰਤਰੀ ਜਗਰੂਪ ਬਰਾੜ, ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ, ਸਾਬਕਾ ਮੇਅਰ ਡੱਗ ਮੈਕਲਮ, ਐਮਐਲਏ ਬਰੂਸ ਬੈਨਮੈਨ, ਬੀਸੀ ਕੰਜਰਵੇਟਿਵ ਆਗੂ ਜੌਹਨ ਰਸਟਡ, ਸਰੀ ਦੇ ਕੌਂਸਲਰ ਹੈਰੀ ਬੈਂਸ, ਮਨਦੀਪ ਨਾਗਰਾ, ਯੂਨਾਈਟਿਡ ਬੀਸੀ ਦੀ ਆਗੂ ਪੁਨੀਤ ਸੁੰਦਰ, ਨਾਰਥ ਡੈਲਟਾ ਤੋਂ ਨੌਜਵਾਨ ਆਗੂ ਅੰਮ੍ਰਿਤ ਢੋਟ, ਉੱਘੇ ਕਾਰੋਬਾਰੀ ਜਤਿੰਦਰ ਜੇ ਮਿਨਹਾਸ, ਹਰਜੀਤ ਸਿੰਘ ਅਟਵਾਲ, ਡਾ. ਜਸਵਿੰਦਰ ਦਿਲਾਵਰੀ, ਮਨਦੀਪ ਧਾਲੀਵਾਲ, ਜੋਡੀ ਤੂਰ ਹਾਜ਼ਰ ਸਨ। ਇਸ ਇਕੱਤਰਤਾ ਦੇ ਪ੍ਰਬੰਧਕ ਅਤੇ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਗੋਇਲ ਨੇ ਹਾਜਰ ਸਭਨਾਂ ਕਾਰੋਬਾਰੀਆਂ, ਸਰਕਾਰ ਦੇ ਨੁਮਾਂਇੰਦਿਆਂ, ਪੁਲਿਸ ਅਫਸਰਾਂ ਅਤੇ ਆਮ ਲੋਕਾਂ ਦਾ ਧਨਵਾਦ ਕੀਤਾ। ਇਕੱਤਰਤਾ ਦਾ ਸੰਚਾਲਨ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦੇ ਸਕੱਤਰ ਵਿਜੇ ਸ਼ਰਮਾ ਨੇ ਕੀਤਾ।
Leave a Comment
Your email address will not be published. Required fields are marked with *