ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ ਸ਼ਬਦ-ਸਾਂਝ, ਕੋਟਕਪੂਰਾ ਦੀ ਇੱਕ ਅਹਿਮ ਮੀਟਿੰਗ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। “ਪ੍ਰੀਤ ਆਰਟ ਗੈਲਰੀ” ਵਿਖੇ ਹੋਈ ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਮੰਚ ਦੀ ਸਮੁੱਚੀ ਟੀਮ ਦੁਆਰਾ ਨੇੜਲੇ ਭਵਿੱਖ ਵਿੱਚ ਇੱਕ ਰਾਜ-ਪੱਧਰੀ ਸਮਾਗਮ ਦੀ ਵਿਉਂਤਬੰਦੀ ਉਲੀਕੀ ਗਈ। ਇਸ ਤੋਂ ਇਲਾਵਾ ਇਸ ਮੌਕੇ ਸਰਬਸੰਮਤੀ ਨਾਲ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ ਅਤੇ ਪ੍ਰਸਿੱਧ ਸਮਾਜ-ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਮੰਚ ਦੇ ਸਰਪ੍ਰਸਤ ਵਜੋਂ ਚੁਣਿਆ ਗਿਆ। ਮਾ. ਰਜਿੰਦਰ ਸਿੰਘ ਡਿੰਪਾ ਨੂੰ ਮੰਚ ਦੇ ਨਵੇਂ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਮੰਚ ਦੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਬਦ-ਸਾਂਝ ਮੰਚ, ਕੋਟਕਪੂਰਾ ਭਵਿੱਖ ਵਿੱਚ ਕਈ ਵੱਡੇ ਸਮਾਗਮ ਕਰਵਾਉਣ ਜਾ ਰਿਹਾ ਹੈ। ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਇਸ ਮੌਕੇ ਸਮੂਹ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਦੀ ਸਮੁੱਚੀ ਟੀਮ ਵੱਲੋਂ ਦਿਨ-ਰਾਤ ਇੱਕ ਕਰਕੇ ਇਸ ਮੰਚ ਦੀ ਬਿਹਤਰੀ ਅਤੇ ਸਾਹਿਤਕ-ਖੇਤਰ ਵਿੱਚ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ ਭੁੱਲਰ, ਗਾਇਕ ਇੰਦਰ ਮਾਨ, ਰਾਜਕੁਮਾਰੀ ਅਸ਼ਕਪ੍ਰੀਤ ਰੰੰਸ਼ਾਹੀ, ਭੁਪਿੰਦਰ ਪਰਵਾਜ਼, ਮਨਦੀਪ ਕੈਂਥ, ਉਦੇ ਰੰਦੇਵ, ਪਰਮਪ੍ਰੀਤ ਸਿੰਘ ਆਦਿ ਟੀਮ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।