ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ “ਸ਼ਬਦ-ਸਾਂਝ ਕੋਟਕਪੂਰਾ’’ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਸ਼ਾਇਰ, ਕਹਾਣੀਕਾਰ ਅਤੇ ਰੇਡੀਓ-ਸੰਚਾਲਕ ਸੰਤੋਖ ਸਿੰਘ ਮਿਨਹਾਸ ਨਾਲ ਇੱਕ ਵਿਸੇਸ ਸਾਹਿਤਕ-ਮਿਲਣੀ ਦਾ ਆਯੋਜਨ ਚਿਤਰਕਾਰ ਪ੍ਰੀਤ ਭਗਵਾਨ ਸਿੰਘ ਦੀ ‘ਪ੍ਰੀਤ ਆਰਟ ਗੈਲਰੀ’ ਵਿਖੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਅਤੇ ਸਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਸੰਤੋਖ ਸਿੰਘ ਮਿਨਹਾਸ ਮੂਲ ਰੂਪ ਵਿੱਚ ਕੋਟਕਪੂਰਾ ਸ਼ਹਿਰ ਦੇ ਨਿਵਾਸੀ ਹਨ। ਪਿਛਲੇ ਲੰਮੇ ਅਰਸੇ ਤੋਂ ਉਹ ਅਮਰੀਕਾ ਦੇ ਸਹਿਰ ਕੈਲੀਫੋਰਨੀਆ ਵਿਖੇ ਰਹਿ ਰਹੇ ਹਨ। ਅੱਜਕੱਲ੍ਹ ਉਹ ਪੰਜਾਬ ਫੇਰੀ ’ਤੇ ਹਨ। ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਸਮੂਹ ਹਾਜਰੀਨ ਨੂੰ ਨਿੱਘੀ ਜੀ ਆਇਆ ਆਖਦਿਆਂ ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਮਕਸਦ ਅਤੇ ਮੰਚ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੰਤੋਖ ਸਿੰਘ ਮਿਨਹਾਸ ਨੇ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਸਾਹਿਤਕ ਸੰਵਾਦ ਰਚਾਉਂਦਿਆਂ ਆਪਣੇ ਪਰਵਾਸ, ਸਮਕਾਲੀ ਸਾਹਿਤ ਅਤੇ ਰੇਡੀਓ ਪ੍ਰੋਗਰਾਮਾਂ ਬਾਰੇ ਵਿਸਥਾਰ ’ਚ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਕੈਨੇਡਾ ’ਚ ਜਾ ਰਹੇ ਪੰਜਾਬੀ ਵਿਦਿਆਰਥੀਆਂ ਦੇ ਬੇਹੱਦ ਮੁਸ਼ਕਿਲ ਹਾਲਾਤ ਬਾਰੇ ਵੀ ਗੱਲਬਾਤ ਕੀਤੀ। ਸਰੋਤਿਆਂ ਦੁਆਰਾ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਉਹਨਾਂ ਨੇ ਬਹੁਤ ਹੀ ਸੰਜੀਦਗੀ ਅਤੇ ਵਿਸਥਾਰ ਨਾਲ ਜਵਾਬ ਦਿੱਤੇ। ਸੰਤੋਖ ਸਿੰਘ ਮਿਨਹਾਸ ਦੁਆਰਾ ਬਜੁਰਗ ਸਾਇਰ ਜਗੀਰ ਸੱਧਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆਂ ਗਿਆ। ਇਸ ਮੌਕੇ ਕਰਵਾਏ ਗਏ ਇੱਕ ਕਵੀ-ਦਰਬਾਰ ਦੌਰਾਨ ਕੁਲਵਿੰਦਰ ਵਿਰਕ, ਮਨਦੀਪ ਕੈਂਥ, ਜਗੀਰ ਸੱਧਰ, ਭੁਪਿੰਦਰ ਪਰਵਾਜ, ਪ੍ਰੀਤ ਭਗਵਾਨ ਸਿੰਘ, ਤੇਜਾ ਸਿੰਘ ਮੁਹਾਰ ਆਦਿ ਸਾਇਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਸਾਂਝ ਪਵਾਈ । ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ (ਸਿੱਖਾਂਵਾਲਾ) ਨੇ ਸਮੁੱਚੇ ਪ੍ਰੋਗਰਾਮ ਨੂੰ ਇੱਕ ਸਾਦਾ ਪਰ ਸਫਲ, ਪ੍ਰਭਾਵਸਾਲੀ ਅਤੇ ਯਾਦਗਾਰੀ ਪ੍ਰੋਗਰਾਮ ਕਰਾਰ ਦਿੰਦਿਆਂ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਮੰਚ ਦੀ ਸਮੁੱਚੀ ਟੀਮ ਵੱਲੋਂ ਸੰਤੋਖ ਸਿੰਘ ਮਿਨਹਾਸ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਘਰਾਜ ਸਰਮਾ, ਸ਼ਾਇਰਾ ਮਨ ਮਾਨ, ਰਾਜਕੁਮਾਰੀ ਅਸਕਪ੍ਰੀਤ ਕੌਰ, ਪਿ੍ਰੰਸੀਪਲ ਗੁਰਮੇਲ ਕੌਰ, ਗੁਰਬਚਨ ਸਿੰਘ, ਰਜਿੰਦਰ ਸਿੰਘ, ਉਦੇ ਰੰਦੇਵ , ਪਿ੍ਰੰਸੀਪਲ ਤੇਜਿੰਦਰ ਸਿੰਘ, ਬਲਜੀਤ ਸਿੰਘ ਆਦਿ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੀ ਸਰਿਕਤ ਕੀਤੀ।
Leave a Comment
Your email address will not be published. Required fields are marked with *