ਹਰਿਆਣਾ ਦੇ ਯਮੁਨਾਨਗਰ ਅਤੇ ਅੰਬਾਲਾ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅਠਾਰਾਂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਹੋਰ ਰਾਜਾਂ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋ ਚੁੱਕੀਆਂ ਹਨ। ਸ਼ਰਾਬ, ਵਿਸਕੀ,ਬੀਅਰ ਅਤੇ ਹੋਰ ਬਜ਼ਾਰ ਵਿੱਚ ਉਪਲਬਧ ਵੱਖ ਵੱਖ ਪ੍ਰਕਾਰ ਦੇ ਅਲਕੋਹਲ ਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ। ਅਜੋਕੀ ਪੀੜ੍ਹੀ ਤਾਂ ਸ਼ਰਾਬ ਪੀਣ ਨੂੰ ਆਪਣਾ ਸਟੇਟਸ ਸਮਝਦੀ ਹੈ। ਉਹਨਾਂ ਦੇ ਮੁਤਾਬਿਕ ਜ਼ੋ ਵਿਅਕਤੀ ਸ਼ਰਾਬ ਨਹੀਂ ਪੀਂਦਾ ਉਹ ਬੰਦਾ ਹੀ ਨਹੀਂ।ਜਿਸ ਵਿਆਹ ਵਿੱਚ ਸ਼ਰਾਬ ਨਹੀਂ ਵਰਤਾਈ ਜਾਂਦੀ ਉਹ ਵਿਆਹ ਨਹੀਂ ਮਰਗ ਦਾ ਭੋਗ ਹੈ। ਦੇਸ਼ ਦੇ ਕਈ ਲੋਕ ਅਤੇ ਬੁੱਧੀਜੀਵੀ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਜਿਹਨਾਂ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵੀ ਸ਼ਾਮਿਲ ਹਨ। ਸ਼ਰਾਬ ਨਾਲ ਹੁਣ ਤੱਕ ਪਤਾ ਨਹੀਂ ਕਿੰਨੇ ਹੀ ਘਰ ਉੱਜੜ ਗਏ। ਸ਼ਰਾਬ ਜਿਥੇ ਜ਼ਿਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉਥੇ ਪੈਸੇ ਦੀ ਬਰਬਾਦੀ ਵੀ ਰੱਜ ਕੇ ਕਰਦੀ ਹੈ। ਸ਼ਰਾਬ ਵਿੱਚ ਧੁੱਤ ਵਾਹਨ ਚਾਲਕ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾਉਂਦੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ ਕਿਉਂਕਿ ਨੌਜਵਾਨ ਦਿਨੋਂ ਦਿਨ ਇਸ ਦੇ ਸ਼ਿਕੰਜੇ ਵਿਚ ਫ਼ਸਦੇ ਜਾ ਰਹੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਹੋਵੇਗੀ,ਦੇਰ ਸਵੇਰ ਹਾਂ ਪੱਖੀ ਨਤੀਜਾ ਜ਼ਰੂਰ ਮਿਲੇਗਾ ਜਿਸ ਦੇ ਨਤੀਜੇ ਵਜੋਂ ਹੌਲ਼ੀ ਹੌਲ਼ੀ ਬਿਹਾਰ ਦੀ ਤਰ੍ਹਾਂ ਹੋਰ ਸੂਬੇ ਵੀ ਸ਼ਰਾਬ ਮੁਕਤ ਹੋ ਜਾਣਗੇ।ਇਹ ਪਹਿਲ ਸਾਨੂੰ ਅੱਜ ਤੋਂ ਹੀ ਕਰਨੀ ਹੋਵੇਗੀ।

ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969